ਪਟਿਆਲਾ ਮੁੱਖ ਡਾਕਘਰ ਵਿਖੇ ‘ਡਾਕਘਰ ਨਿਰਯਾਤ ਕੇਂਦਰ’ ਦਾ ਉਦਘਾਟਨ

ਪਟਿਆਲਾ(ਦ ਸਟੈਲਰ ਨਿਊਜ਼)। ”ਸੰਚਾਰ ਮੰਤਰਾਲੇ ਦਾ ਡਾਕ ਵਿਭਾਗ ਆਮ ਜਨਤਾ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹੈ। ਹੁਣ ਡਾਕ ਵਿਭਾਗ ਡਾਕਘਰਾਂ ਰਾਹੀਂ ਨਿਰਯਾਤ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ, ਜਿਸ ਨਾਲ ਸਾਡੀ ਭਾਰਤ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।ਇਹ ਪ੍ਰਗਟਾਵਾ  ਅੱਜ ਡਾਕ ਸੇਵਾ (ਹੈਡਕੁਆਰਟਰ) ਪੰਜਾਬ ਸਰਕਲ ਦੇ ਡਾਇਰੈਕਟਰ ਰਾਧਿਕਾ ਧੀਰ ਹਾਂਡਾ ਨੇ ਪਟਿਆਲਾ ਮੁੱਖ ਡਾਕਘਰ ਵਿਖੇ ‘ਡਾਕਘਰ ਨਿਰਯਾਤ ਕੇਂਦਰ’ ਦਾ ਉਦਘਾਟਨ ਕਰਨ ਮੌਕੇ ਕੀਤਾ। ਡਾਇਰੈਕਟਰ ਰਾਧਿਕਾ ਧੀਰ ਹਾਂਡਾ ਨੇ ਬੈਂਕਾਂ, ਬੀਮਾ ਕੰਪਨੀਆਂ, ਰਾਜ ਸਰਕਾਰ ਦੇ ਵਿਭਾਗਾਂ, ਈ-ਕਾਮਰਸ ਵੈੱਬਸਾਈਟਾਂ ਦੇ ਵਿਕਰੇਤਾ ਤੇ ਐਡਵੋਕੇਟਸ ਆਦਿ ਦੀ ਸਹੂਲਤ ਲਈ ਪਟਿਆਲਾ ਮੁੱਖ ਡਾਕਘਰ ਵਿਖੇ ਬਲਕ ਬੁਕਿੰਗ ਕਾਊਂਟਰ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ  ਪਟਿਆਲਾ ‘ਫੁਲਕਾਰੀ’ ਦੇ ਕੰਮ ਲਈ ਮਸ਼ਹੂਰ ਹੈ ਅਤੇ ਡਾਕ ਵਿਭਾਗ ਸਥਾਨਕ ਕਾਰੀਗਰਾਂ, ਫੁਲਕਾਰੀ ਕਾਮਿਆਂ ਅਤੇ ਛੋਟੇ ਬਰਾਮਦਕਾਰਾਂ ਦੀ ਮਦਦ ਲਈ ਅੱਗੇ ਆਇਆ ਹੈ।ਉਹਨਾਂ ਨੂੰ ਨਿਰਯਾਤ ਤੋਂ ਪੈਸਾ ਕਮਾਉਣ ਲਈ ਇੱਕ ਆਸਾਨ ਚੈਨਲ ਪ੍ਰਦਾਨ ਕਰਦੇ ਹੋਏ ਡਾਕ ਵਿਭਾਗ ਨੇ ਇਹ ਸਹੂਲਤ ਸ਼ੁਰੂ ਕੀਤੀ ਹੈ।

Advertisements

ਇਸ ਮੌਕੇ ਪਟਿਆਲਾ ਡਵੀਜ਼ਨ ਦੇ ਡਾਕ ਸੁਪਰਡੈਂਟ ਪ੍ਰਭਾਤ ਗੋਇਲ ਨੇ ਦੱਸਿਆ ਕਿ ਇਸ ਕੇਂਦਰ ਦੇ ਉਦਘਾਟਨ ਦੇ ਪਹਿਲੇ ਦਿਨ ਹੀ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਐਕਸਪੋਰਟ ਫਰਮਾਂ ਨੇ ਇਸ ਦੀਆਂ ਸੇਵਾਵਾਂ ਦਾ ਲਾਭ ਉਠਾਇਆ ਹੈ। ਇਹ ਨਿਰਯਾਤ ਕੇਂਦਰ ਇਲੈਕਟ੍ਰਾਨਿਕ ਕਸਟਮ ਕਲੀਅਰੈਂਸ ਸਾਫਟਵੇਅਰ ਨਾਲ ਲੈਸ ਹੈ ਅਤੇ ਹੁਣ ਔਨਲਾਈਨ ਕਸਟਮ ਕਲੀਅਰੈਂਸ ਸਕਿੰਟਾਂ ਵਿੱਚ ਪ੍ਰਾਪਤ ਕੀਤੀ ਜਾਵੇਗੀ ਜਿਸਨੂੰ ਕਿ ਪਹਿਲਾਂ 5 ਤੋਂ 7 ਦਿਨ ਲਗਦੇ ਸਨ। ਇਹ ਵਿਦੇਸ਼ੀ ਪਾਰਸਲ/ਸਪੀਡ ਪੋਸਟ ਦੇ ਡਿਲੀਵਰੀ ਸਮੇਂ ਨੂੰ ਵੀ ਸਿੱਧੇ ਤੌਰ ‘ਤੇ ਘਟਾ ਦੇਵੇਗਾ। ਪ੍ਰਭਾਤ ਗੋਇਲ ਨੇ ਹੋਰ ਦੱਸਿਆ ਕਿ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ 5-6 ਤੋਂ ਵੱਧ ਨਿਰਯਾਤ ਫਰਮਾਂ ਨਿਰਯਾਤ ਕੇਂਦਰ ਦੀ ਸਹੂਲਤ ਹਾਸਲ ਕਰਨ ਲਈ ਡਾਕ ਵਿਭਾਗ ਦੇ ਸੰਪਰਕ ਵਿੱਚ ਹਨ।

LEAVE A REPLY

Please enter your comment!
Please enter your name here