ਐਸਡੀਐਮ ਵੱਲੋਂ ਖਾਦ ਡੀਲਰਾਂ ਨਾਲ ਮੀਟਿੰਗ ਕਰਕੇ ਯੂਰੀਆ ਤੇ ਡੀਏਪੀ ਦੀ ਸੁਚੱਜੀ ਵੰਡ ਯਕੀਨੀ ਬਣਾਉਣ ਦੀ ਹਦਾਇਤ

ਸਮਾਣਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਨੇ ਹਾੜੀ ਸੀਜਨ ਸਬੰਧੀਂ ਫਰਟੇਲਾਈਜ਼ਰ ਡੀਲਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਆਗਾਮੀ ਸੀਜ਼ਨ ਵਿਚ ਕਿਸਾਨਾਂ ਨੂੰ ਖਾਦ ਦੀ ਕੋਈ ਵੀ ਕਿੱਲਤ ਨਾ ਆਉਣ ਦਿੱਤੀ ਜਾਵੇ ਅਤੇ ਯੂਰੀਆ ਤੇ ਡੀਏਪੀ ਦੀ ਸੁਚੱਜੀ ਵੰਡ ਕੀਤੇ ਜਾਣ ਸਮੇਤ ਖੇਤੀਬਾੜੀ ਵਿਭਾਗ ਦੀ ਸਿਫ਼ਾਰਸ਼ ਅਨੁਸਾਰ ਖਾਦਾਂ ਦੀ ਵਿਕਰੀ ਯਕੀਨੀ ਬਣਾਈ ਜਾਵੇ। ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਕਿਸਾਨਾਂ ਨਾਲ ਕੋਈ ਵੀ ਧੱਕੇਸ਼ਾਹੀ, ਖਾਦਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਬਿਲਕੁਲ ਵੀ ਬਰਦਾਸ਼ਤ ਕੀਤੀ ਨਹੀਂ ਜਾਵੇਗੀ। ਮੀਟਿੰਗ ਵਿੱਚ ਬਲਾਕ ਖੇਤੀਬਾੜੀ ਅਫ਼ਸਰ ਡਾ. ਸਤੀਸ਼ ਕੁਮਾਰ ਨੇ ਕਿਹਾ ਕਿ ਹਾੜੀ ਦੇ ਸੀਜ਼ਨ ਵਿਚ ਡੀ ਏ ਪੀ ਅਤੇ ਯੂਰੀਆ ਦੀ ਮੁੱਖ ਮੰਗ ਹੁੰਦੀ ਹੈ ਜਿਸ ਵਿਚ ਡੀ.ਏ.ਪੀ. ਇੱਕ ਕਿਸ਼ਤ ਅਤੇ ਯੂਰੀਆ ਤਿੰਨ ਕਿਸ਼ਤਾਂ ਵਿੱਚ ਪੈਂਦਾ ਹੈ। ਇਸ ਲਈ  ਲੋੜ ਅਨੁਸਾਰ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਈ ਜਾਵੇ ਤਾਂ ਜੋ ਆਉਣ ਵਾਲੀ ਫ਼ਸਲ ਦੀ ਬਿਜਾਈ ਸਮੇਂ ਸਿਰ ਹੋ ਸਕੇ।

Advertisements


ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਆਪਣੇ ਅਦਾਰਿਆਂ ਮੂਹਰੇ ਸਟਾਕ ਬੋਰਡ ਰੋਜ਼ਾਨਾ ਲਿਖੇ ਜਾਣ ਤੇ ਖਾਦ ਦਵਾਈਆਂ ਨੂੰ ਨਿਰਧਾਰਿਤ ਰੇਟ ਉਤੇ ਹੀ ਵੇਚਿਆ ਜਾਵੇ, ਜੇ ਕਿਸੇ ਵੀ ਵਿਕਰੇਤਾ ਖ਼ਿਲਾਫ਼ ਫਰਟੀਲਾਈਜ਼ਰ ਕੰਟਰੋਲ ਆਰਡਰ ਦੀ ਉਲੰਘਣਾ ਦੀ ਸ਼ਿਕਾਇਤ ਸਾਹਮਣੇ ਆਈ ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ। ਮੀਟਿੰਗ ਵਿੱਚ ਭਾਗ ਲੈਂਦਿਆਂ ਸਮੂਹ ਫਰਟੇਲਾਈਜ਼ਰ ਡੀਲਰਾਂ ਨੇ ਭਰੋਸਾ ਜਤਾਇਆ ਕਿ ਸਰਕਾਰ ਦੇ ਆਦੇਸ਼ਾਂ ਦੀ ਪਾਲਣ ਕਰਦਿਆਂ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਈ ਜਾਵੇਗੀ। ਐਸ.ਡੀ.ਐਮ. ਨੇ ਡੀਲਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਤਕਲੀਫਾਂ ਦਾ ਵੀ ਪੂਰਨ ਰੂਪ ਵਿੱਚ ਹੱਲ ਕੀਤਾ ਜਾਵੇਗਾ। ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਸ਼ਿਵ ਕੁਮਾਰ ਅਤੇ ਖਾਦ ਡੀਲਰ ਜਵਾਹਰ ਲਾਲ, ਪ੍ਰਦੁਮਨ ਕੁਮਾਰ, ਅਮਿਤ ਕੁਮਾਰ, ਮਦਨ ਲਾਲ, ਸੰਜੀਵ ਕੁਮਾਰ, ਵਿਪਨ ਕੁਮਾਰ, ਗੌਤਮ ਅਗਰਵਾਲ, ਨਵਲ ਕੁਮਾਰ, ਚੇਤਨ ਕੁਮਾਰ ਅਤੇ ਲਲਿਤ ਮਿੱਤਰ ਹਾਜ਼ਰ ਸਨ।

LEAVE A REPLY

Please enter your comment!
Please enter your name here