ਕੈਬਨਿਟ ਮੰਤਰੀ ਡਾ. ਇੰਦਰਬੀਰ ਨਿੱਜਰ ਤੇ ਕਟਾਰੂਚੱਕ ਵੱਲੋਂ ਕਬੱਡੀ ਟੂਰਨਾਮੈਂਟ ਦੇ ਅੰਤਲੇ ਦਿਨ ਖਿਡਾਰੀਆਂ ਦਾ ਸਨਮਾਨ

ਪਟਿਆਲਾ, (ਦ ਸਟੈਲਰ ਨਿਊਜ਼)। ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਡਾ. ਇੰਦਰਬੀਰ ਸਿੱਘ ਨਿੱਜਰ ਅਤੇ ਲਾਲ ਚੰਦ ਕਟਾਰੂਚੱਕ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਮੈਦਾਨਾਂ ਵਿੱਚ ਵਿਧਾਇਕ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਦੀ ਅਗਵਾਈ ਹੇਠ ਕਰਵਾਏ ਰਾਜ ਪੱਧਰੀ ਕਬੱਡੀ ਟੂਰਨਾਮੈਂਟ ਦੇ ਅੱਜ ਅੰਤਲੇ ਦਿਨ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਸ਼ਿਰਕਤ ਕੀਤੀ। ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਵੀ ਤਕਸੀਮ ਕੀਤੇ। ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੇ ਮੱਥੇ ਉਪਰ ਉੜਤਾ ਪੰਜਾਬ ਅਤੇ ਨਸ਼ਿਆਂ ਵਰਗੇ ਲੱਗੇ ਦਾਗ ਧੋਹਣ ਲਈ ਖੇਡਾਂ ਵਤਨ ਪੰਜਾਬ ਦੀਆਂ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਖੇਡਾਂ ਦੇ ਮਾਮਲੇ ਵਿੱਚ ਲੰਮੇ ਸਮੇਂ ਤੋਂ ਆ ਚੁੱਕੀ ਖੜੋਤ ਨੂੰ ਤੋੜਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਸਰੀਰਕ ਤੇ ਆਰਥਿਕ ਪੱਖੋਂ ਵੀ ਸਿਹਤਮੰਦ ਬਣਾਇਆ ਜਾ ਰਿਹਾ ਹੈ।

Advertisements

ਲਾਲ ਚੰਦ ਨੇ ਕਿਹਾ ਕਿ ਸਾਡੀਆਂ ਮੁਟਿਆਰਾਂ ਅਤੇ ਗੱਭਰੂਆਂ ਨੂੰ ਇਹ ਖੇਡਾਂ ਦੁਬਾਰਾ ਖੇਡ ਮੈਦਾਨਾਂ ਵੱਲ ਖਿੱਚਕੇ ਲਿਆਈਆਂ ਹਨ ਤਾਂ ਕਿ ਸਾਡੇ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲੀਆਂ ਖੇਡਾਂ ਨੂੰ ਪ੍ਰਫੁਲਤ ਕੀਤਾ ਜਾ ਸਕੇ ਅਤੇ ਸਾਡੇ ਨੌਜਵਾਨ ਧੀਆਂ-ਪੁੱਤ ਕਬੱਡੀ ਹੀ ਨਹੀਂ ਬਲਕਿ ਸਾਰੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ। ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਇੰਦਰਬੀਰ ਸਿੱਘ ਨਿੱਜਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਸ਼ੁਰੂ ਕਰਨ ਦੇ ਫ਼ੈਸਲੇ ਨੇ ਲੋਕਾਂ ਨੂੰ ਮੁੜ ਇਹ ਯਕੀਨ ਦਿਵਾਇਆ ਹੈ ਕਿ ਪੰਜਾਬੀ ਖੇਡਾਂ ਦੇ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਆਸ ਜਤਾਈ ਕਿ ਸਾਡੇ ਪੰਜਾਬ ਦੇ ਖਿਡਾਰੀ ਰਾਜ ਪੱਧਰੀ ਮੁਕਾਬਲਿਆਂ ਤੋਂ ਅੱਗੇ ਜਾ ਕੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਵੀ ਨਾਮਣਾ ਖੱਟਣਗੇ।

ਦੋਵਾਂ ਮੰਤਰੀਆਂ ਦਾ ਧੰਨਵਾਦ ਕਰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਖਿਡਾਰੀਆਂ ਨੂੰ ਸੰਭਾਲਣ ਲਈ ਅਤੇ ਖੇਡਾਂ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ਪੰਜਾਬ ਦੇ ਹਰੇਕ ਵਿਭਾਗ ਵਿੱਚ ਖਿਡਾਰੀਆਂ ਦੀ ਇੱਕ-ਇੱਕ ਟੀਮ ਜਰੂਰ ਬਣਾਏ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ। ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਖਿਡਾਰੀ ਪੈਦਾ ਕਰਨ ਦੇ ਉਪਰਾਲੇ ਤੋਂ ਇਲਾਵਾ ਇਨ੍ਹਾਂ ਨੂੰ ਸੰਭਾਲਣ ਲਈ ਵੀ ਪੂਰੀ ਗੰਭੀਰਤਾ ਦਿਖਾਈ ਜਾ ਰਹੀ ਹੈ। ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ, ਯੂਨੀਵਰਸਿਟੀ ਖੇਡ ਡਾਇਰੈਕਟਰ ਡਾ. ਅਜੀਤਾ, ਡਾਇਰੈਕਟਰ ਈ.ਐਮ.ਆਰ.ਸੀ. ਦਲਜੀਤ ਅਮੀ, ਸਹਾਇਕ ਡਾਇਰੈਕਟਰ ਖੇਡਾਂ ਮਹਿੰਦਰਪਾਲ ਕੌਰ, ਬਾਪੂ ਚੂਹੜ ਸਿੰਘ, ਬਾਪੂ ਪ੍ਰੀਤਮ ਸਿੰਘ, ਸ਼ੇਰ ਸਿੰਘ ਭੰਗੂ, ਅਰਜਨਾ ਐਵਾਰਡੀ ਸੁਨੀਤਾ ਰਾਣੀ ਸਮੇਤ ਕਬੱਡੀ ਕੋਚ, ਖਿਡਾਰੀ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

LEAVE A REPLY

Please enter your comment!
Please enter your name here