ਤੰਬਾਕੂ ਸੇਵਨ ਬਣਦਾ ਹੈ ਅਨੇਕਾਂ ਬੀਮਾਰੀਆਂ ਦਾ ਕਾਰਨ: ਸਿਵਲ ਸਰਜਨ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਸਿਹਤ  ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰ ਪਾਲ ਦੀ  ਅਗਵਾਈ ਹੇਠ ਵੱਖ-ਵੱਖ ਸਿਹਤ  ਗਤਵਿਧੀਆਂ ਜਾਰੀ ਹਨ। ਇਸੇ ਸਿਲਸਿਲੇ ‘ਚ ਅੱਜ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਮੌਕੇ ਦਫਤਰ ਸਿਵਲ ਸਰਜਨ ਵਿਖੇ ਇੱਕ ਸੰਖੇਪ ਜਾਗਰੂਕਤਾ ਸਭਾ ਦੌਰਾਨ ਕਰਮਚਾਰੀਆਂ ਨੂੰ ਤੰਬਾਕੂ ਸੇਵਨ ਨਾ ਕਰਨ/ਛੱਡਣ ਲਈ ਪ੍ਰੇਰਿਤ ਕੀਤਾ ਗਿਆ ਤੇ ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤੰਬਾਕੂ ਸੇਵਨ ਨਾ ਕਰਨ ਦੀ ਸੰਹੁ ਵੀ ਚੁਕਾਈ ਗਈ।

Advertisements

ਇਸ ਮੌਕੇ ਸਿਵਲ ਸਰਜਨ ਡਾ. ਰਾਜਿੰਦਰ ਪਾਲ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੰਬਾਕੂ ਦੇ ਸੇਵਨ ਕਾਰਨ ਹਰ ਸਾਲ ਦੁਨੀਆਂ ਭਰ ਵਿੱਚ ਲੱਖਾਂ ਲੋਕ ਕੈਂਸਰ ਨਾਲ ਮਰਦੇ ਹਨ। ਇਸ ਲਈ ਤੰਬਾਕੂਨੋਸ਼ੀ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੂੰਹ ਦੇ ਕੈਂਸਰ ਨਾਲ ਸਬੰਧਤ ਬਿਮਾਰੀਆਂ ਵਿੱਚ ਵਾਧਾ ਜ਼ਿਆਦਾਤਰ ਸਿਗਰਟਨੋਸ਼ੀ ਕਾਰਨ ਹੁੰਦਾ ਹੈ। ਤੰਬਾਕੂ ਸੇਵਨ ਸਮੁੱਚੇ ਮਨੁੱਖੀ ਸ਼ਰੀਰ ‘ਤੇ ਬਹੁਤ ਮਾੜੇ ਪ੍ਰਭਾਵ ਪਾਉਂਦਾ ਹੈ। ਇਸ ਦੀ ਵਰਤੋਂ ਨਾਲ ਦਿਲ, ਦਿਮਾਗ, ਗੁਰਦਿਆਂ, ਮਿਹਦੇ, ਸਾਹ ਪ੍ਰਣਾਲੀ ਅਤੇ ਪ੍ਰਜਨਣ ਪ੍ਰਣਾਲੀ ‘ਤੇ ਮਾਰੂ ਪ੍ਰਭਾਵ ਪੈਂਦੇ ਹਨ। ਤੰਬਾਕੂ ਸੇਵਨ ਮੂੰਹ ਤੇ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਬਣਦਾ ਹੈ। ਤੰਬਾਕੂ ਸੇਵਨ ਨਾਲ ਸ਼ਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟਦੀ ਹੈ ਅਤੇ ਇਸਦਾ ਲੰਮਾ ਸਮਾਂ ਸੇਵਨ ਸਮੁੱਚੀ ਸਿਹਤ ਵਿੱਚ ਨਿਘਾਰ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ ਜਿੱਥੇ ਤੰਬਾਕੂ ਸੇਵਨ ਨਾਲ ਘਟੀ ਹੋਈ ਇਮੂਨਿਟੀ ਕਰੋਨਾ ਕੇਸਾਂ ਵਿੱਚ ਘਾਤਕ ਸਾਬਿਤ ਹੁੰਦੀ ਹੈ ਉਥੇ ਮੂੰਹ ਰਾਹੀਂ ਚਬਾ ਕੇ ਤੰਬਾਕੂ ਸੇਵਨ ਕਰਨ ਵਾਲ ਵਿਅਕਤੀਆਂ ਨੂੰ ਵਾਰ-ਵਾਰ ਥੁੱਕਣਾ ਪੈਂਦਾ ਜੋ ਕਰੋਨਾ ਰੋਗ ਦੇ ਫੈਲਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਹਰਕੀਰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਤੰਬਾਕੂ ਸੇਵਨ ਛੁਡਾੳਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਫਤ ਉਪਲੱਬਧ ਹਨ। ਇੱਥੇ ਮੁਫਤ ਕਾਊਸਲਿੰਗ ਅਤੇ ਦਵਾਈਆਂ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਮਜ਼ਬੂਤ ਇੱਛਾਸ਼ਕਤੀ ਅਤੇ ਢੁਕਵੇ ਡਾਕਟਰੀ ਇਲਾਜ਼ ਨਾਲ ਤੰਬਾਕੂ ਸੇਵਨ ਦੀ ਭੈੜੀ ਆਦਤ ਤੋਂ ਛੁਟਕਾਰਾ ਪਾ ਸਕਦਾ ਹੈ। ਇਸ ਅਵਸਰ ‘ਤੇ ਜ਼ਿਲਾ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਕੋਟਪਾ ਐਕਟ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਅਧੀਨ ਰਾਜ ਵਿੱਚ ਗੁਟਕਾ,ਪਾਨ-ਮਸਾਲਾ,ਫਲੇਵਰਡ ਸੈਂਟਿਡ ਚਬਾਉਣ ਵਾਲਾ ਤੰਬਾਕੂ ਅਤੇ ਕੋਈ ਵੀ ਖਾਣ ਵਾਲਾ ਪਦਾਰਥ, ਜਿਸ ਵਿੱਚ ਤੰਬਾਕੂ ਅਤੇ ਨਿਕੋਟੀਨ ਹੋਵੇ ਨੂੰ ਬਣਾਉਣਾ, ਸਟੋਰ ਕਰਨ, ਵੇਚਣ ਅਤੇ ਵੰਡਣ ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜਨਤਕ ਸਥਾਨਾਂ ‘ਤੇ ਤੰਬਾਕੂਨੋਸ਼ੀ ਇੱਕ ਸਜ਼ਾਯੋਗ ਅਪਰਾਧ ਹੈ ਅਤੇ ਵਿਭਾਗ ਵੱਲੋਂ ਸਮੇ-ਸਮੇ ‘ਤੇ ਇਸ ਸਬੰਧੀ ਚਲਾਨ ਵੀ ਕੱਟੇ ਜਾਂਦੇ ਹਨ। ਇਸ ਮੌਕੇ ਜੋਨਲ ਡਰੱਗ ਅਫਸਰ ਦਿਨੇਸ਼ ਗੁਪਤਾ, ਮਾਸ ਮੀਡੀਆ ਅਫਸਰ ਰੰਜੀਵ, ਸੀਨੀਅਰ ਸਹਾਇਕ ਪਰਮਵੀਰ ਮੌਂਗਾ, ਸਟੈਨੋ ਵਿਕਾਸ ਕਾਲੜਾ, ਸੁਖਚੈਨ ਸਿੰਘ ਆਦਿ ਹਾਜ਼ਰ ਸਨ। ਗਤੀਵਿਧੀ ਸੰਚਾਲਣ ਵਿੱਚ  ਬੀ.ਸੀ.ਸੀ ਕੋਆਰਡੀਨੇਟਰ ਰਜਨੀਕ ਕੌਰ, ਆਸ਼ੀਸ਼ ਭੰਡਾਰੀ ਅਤੇ ਗੁਰਵਿੰਦਰ ਸਿੰਘ ਨੇ ਵਿਸ਼ੇਸ਼ ਸਹਿਯੋਗ ਕੀਤਾ।

LEAVE A REPLY

Please enter your comment!
Please enter your name here