ਅਮਨ ਅਰੋੜਾ ਵੱਲੋਂ ਡੀਏਵੀ ਕਾਲਜ ਵਿਖੇ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਦੀ ਪ੍ਰਧਾਨਗੀ

ਚੰਡੀਗੜ੍ਹ, (ਦ ਸਟੈਲਰ ਨਿਊਜ਼): ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਇਥੇ ਡੀ.ਏ.ਵੀ. ਕਾਲਜ ਵਿਖੇ ਕਰਵਾਏ ਗਏ 63ਵੇਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਦੇ ਭੰਗੜਾ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ। ਅਰੋੜਾ ਨੇ  ਕਿਹਾ, “ਕਾਲਜ ਵਿੱਚ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਸਭ ਤੋਂ ਹੁਸੀਨ ਅਤੇ ਬਿਹਤਰੀਨ ਪੜਾਅ ਹੁੰਦਾ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਜੀਵਨ ਦਾ ਇਹ ਖੂਬਸੂਰਤ ਤੇ ਖ਼ੁਸ਼ਗ਼ਵਾਰ ਸਮਾਂ ਮੁੜ ਵਾਪਸ ਨਹੀਂ ਆਵੇਗਾ।’’ ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।

Advertisements

ਸਮਾਗਮ ਦੌਰਾਨ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਵਿੱਚ ਬਿਹਤਰ ਬਦਲਾਅ ਅਤੇ ਸੁਧਾਰ ਲਿਆਉਣ ਲਈ ਨੌਜਵਾਨਾਂ ਦੀ ਸਮੂਹਿਕ ਸ਼ਕਤੀ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਬੇਸ਼ੁਮਾਰ ਸਮਰੱਥਾ ਅਤੇ ਸ਼ਕਤੀ ਹੁੰਦੀ ਹੈ ਅਤੇ ਕਿਸੇ ਵੀ ਖੇਤਰ ਵਿੱਚ ਕਾਮਯਾਬੀ ਦਾ ਸਿਖ਼ਰ ਛੋਹਣ ਲਈ ਉਨ੍ਹਾਂ ਦੀ ਇਸ ਅਪਾਰ ਸ਼ਕਤੀ ਨੂੰ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਡੀ.ਏ.ਵੀ.  ਕਾਲਜ ਸੈਕਟਰ-10, ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ ਅਤੇ ਅੱਜ ਕਾਲਜ ਪੁੱਜਣ ਉਤੇ ਪ੍ਰਿੰਸੀਪਲ ਡਾ. ਪਵਨ ਸ਼ਰਮਾ ਅਤੇ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਨ੍ਹਾਂ ਭੰਗੜਾ ਮੁਕਾਬਲਿਆਂ ਵਿੱਚ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-11 ਦੀ ਟੀਮ ਨੇ ਪਹਿਲਾ ਇਨਾਮ ਹਾਸਲ ਕੀਤਾ। ਖਾਲਸਾ ਕਾਲਜ ਸੈਕਟਰ-26 ਦੀ ਟੀਮ ਦੂਜੇ ਅਤੇ ਡੀ.ਏ.ਵੀ. ਕਾਲਜ ਸੈਕਟਰ-10 ਦੀ ਟੀਮ ਤੀਜੇ ਸਥਾਨ ’ਤੇ ਰਹੀ। ਮੁਕਾਬਲੇ ਵਿੱਚ ਕੁੱਲ ਅੱਠ ਟੀਮਾਂ ਨੇ ਭਾਗ ਲਿਆ ਸੀ। ਅਮਨ ਅਰੋੜਾ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਅਮਨ ਅਰੋੜਾ ਨੂੰ ਨਵੀਆਂ ਬੁਲੰਦੀਆਂ ਛੋਂਹਦਿਆਂ ਦੇਖਣਾ ਸਾਡੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਅਮਨ ਅਰੋੜਾ ਨੇ ਇਸ ਸਮਾਗਮ ਵਿੱਚ ਬੁਲਾ ਕੇ ਉਨ੍ਹਾਂ ਦੀਆਂ ਕਾਲਜ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਨ ਲਈ ਕਾਲਜ ਪਿ੍ੰਸੀਪਲ ਅਤੇ ਸਟਾਫ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here