ਡਿਪਟੀ ਕਮਿਸ਼ਨਰ ਨੇ ਰਜਿੰਦਰਾ ਹਸਪਤਾਲ ‘ਚ ਕ੍ਰਿਟੀਕਲ ਕੇਅਰ ਬਲਾਕ ਦੀ ਉਸਾਰੀ ਲਈ ਮੌਕਾ ਦੇਖਿਆ

ਪਟਿਆਲਾ, (ਦ ਸਟੈਲਰ ਨਿਊਜ਼): ਸਰਕਾਰੀ ਰਜਿੰਦਰਾ ਹਸਪਤਾਲ ਵਿਖੇ 50 ਬਿਸਤਰਿਆਂ ਦਾ ਕ੍ਰਿਟੀਕਲ ਕੇਅਰ ਬਲਾਕ (ਹਸਪਤਾਲ) ਸਥਾਪਤ ਕਰਨ ਲਈ ਜਗ੍ਹਾ ਦੀ ਚੋਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰਜਿੰਦਰਾ ਹਸਪਤਾਲ ਵਿਖੇ ਮੌਕਾ ਦੇਖਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਨਿਰਦੇਸ਼ਾਂ ਮੁਤਾਬਕ ਕੇਂਦਰੀ ਪ੍ਰਾਜੈਕਟ ਤਹਿਤ ਰਜਿੰਦਰਾ ਹਪਸਤਾਲ ਵਿਖੇ ਕ੍ਰਿਟੀਕਲ ਕੇਅਰ ਬਲਾਕ ਬਣਾਉਣ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।

Advertisements

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੀ.ਐਮ. ਆਯੂਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਕ੍ਰਿਟੀਕਲ ਕੇਅਰ ਬਲਾਕ ਪਟਿਆਲਾ ਵਿਖੇ ਬਣਾਇਆ ਜਾਵੇਗਾ। ਇਸ ਤਹਿਤ ਜਿੱਥੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਉਥੇ ਹੀ ਹੰਗਾਮੀ ਸਥਿਤੀ ਵਿੱਚ ਮਰੀਜ਼ਾਂ ਦੀ ਬਿਹਤਰ ਸਿਹਤ ਸੰਭਾਂਲ ਤੇ ਇਲਾਜ ਲਈ ਇਹ ਬਲਾਕ ਅਹਿਮ ਸਾਬਤ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀਆਂ ਹਦਾਇਤਾਂ ਮੁਤਾਬਕ ਰਜਿੰਦਰਾ ਹਸਪਤਾਲ ਵਿਖੇ ਐਮਰਜੈਂਸੀ ਦੇ ਸਾਹਮਣੇ, ਪੁਰਾਣਾ ਗਾਇਨੀ ਬਲਾਕ ਅਤੇ ਨਰਸਿੰਗ ਹੋਸਟਲ ਦੇ ਸਾਹਮਣੇ ਵਾਲੀਆਂ ਥਾਵਾਂ ਉਪਰ ਵਿਚਾਰ ਕੀਤਾ ਗਿਆ ਹੈ, ਜਿਸ ਲਈ ਪੀ.ਐਚ.ਸੀ. ਕਾਰਪੋਰੇਸ਼ਨ ਨੂੰ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕ੍ਰਿਟੀਕਲ ਕੇਅਰ ਬਲਾਕ ਪੂਰੀਆਂ ਐਮਰਜੈਂਸੀ ਮੈਡੀਕਲ ਤੇ ਕ੍ਰਿਟੀਕਲ ਕੇਅਰ ਸਹੂਲਤਾਂ ਨਾਲ ਲੈਸ ਹੋਣਗੇ, ਜਿਸ ਦੀ ਉਸਾਰੀ ਲਈ ਪੰਜਾਬ ਸਰਕਾਰ ਨੇ ਮੁਢਲੀ ਪ੍ਰਕ੍ਰਿਆ ਅਰੰਭ ਦਿੱਤੀ ਹੈ।

ਇਸ ਦੌਰਾਨ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਵਾਇਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਕਾਰਜਕਾਰੀ ਇੰਜੀਨੀਅਰ ਕਮਲਜੀਤ ਸਿੰਘ ਖਰੌੜ, ਐਸ.ਡੀ.ਓ. ਅਜੇ ਕੁਮਾਰ, ਬਿਜਲੀ ਉਪ ਮੰਡਲ ਨੰਬਰ-1 ਦੇ ਐਸ.ਡੀ.ਓ. ਕਰਨਵੀਰ ਸਿੰਘ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਐਸ.ਡੀ.ਓ. ਮਨੋਜ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here