ਬਾਲ ਮੇਲਿਆਂ ‘ਚ ਵਿਦਿਆਰਥੀਆਂ ਨੇ ਲਿਆ ਉਤਸ਼ਾਹ ਨਾਲ ਹਿੱਸਾ

ਪਟਿਆਲਾ, (ਦ ਸਟੈਲਰ ਨਿਊਜ਼): ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਸੈਕੰਡਰੀ ਸਿੱਖਿਆ ਹਰਿੰਦਰ ਕੌਰ ਅਤੇ ਇੰਜ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਬਾਲ ਮੇਲਾ ਅਤੇ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜ਼ਿਲ੍ਹੇ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ/ ਐ.ਸਿ) ਡਾ. ਰਵਿੰਦਰਪਾਲ ਸ਼ਰਮਾ ਅਤੇ ਮਨਵਿੰਦਰ ਕੌਰ ਭੁੱਲਰ ਨੇ ਵੱਖ ਵੱਖ ਸਕੂਲਾਂ ਦਾ ਦੌਰਾ ਕਰਦਿਆਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ  ਬਾਲ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਬਾਲ-ਮੇਲੇ ਦਾ ਆਯੋਜਨ ਕੀਤਾ ਗਿਆ ਹੈ ਅਤੇ ਪਟਿਆਲੇ ਦੇ ਸਮੂਹ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

Advertisements

ਇਸ ਮੌਕੇ ਡੀ.ਈ.ਓ ਅਤੇ ਡਿਪਟੀ ਡੀ.ਈ.ਓ ਐਲੀਮੈਂਟਰੀ ਨੇ ਸਪੈਸ਼ਲ ਬੱਚਿਆਂ ਲਈ ਲਗਾਏ ਬਾਲ ਮੇਲਿਆਂ ਦਾ ਵਿਸ਼ੇਸ਼ ਦੌਰਾ ਕੀਤਾ। ਡੀ.ਈ.ਓ ਸਾਹਿਬਾਨਾਂ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਅਧਿਆਪਕਾਂ ਦੁਆਰਾ ਕੀਤੇ ਪ੍ਰਬੰਧ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ। ਪਟਿਆਲਾ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿਚ ਬਾਲ ਦਿਵਸ ‘ਤੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਮੁਕਾਬਲੇ ਕਰਵਾਏ ਗਏ ਅਤੇ ਦਾਖ਼ਲਾ ਮੁਹਿੰਮ ਦੀਆਂ ਗਤੀਵਿਧੀਆਂ ਸ਼ੁਰੂ ਕਰਨ ਸੰਬੰਧੀ ਸਕੂਲਾਂ ਵਿਚ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ/ਐ.ਸਿ) ਡਾ. ਰਵਿੰਦਰਪਾਲ ਸ਼ਰਮਾ ਅਤੇ ਮਨਵਿੰਦਰ ਕੌਰ ਭੁੱਲਰ ਨੇ ਕਿਹਾ ਕਿ ਅੱਜ ਦੇ ਬਾਲ ਦਿਵਸ ਦੇ ਮੌਕੇ ‘ਤੇ ਸਕੂਲਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ  ਕਿਤਾਬਾਂ, ਮਾਡਲ, ਟੀ.ਐੱਲ.ਐੱਮ, ਵਿਦਿਆਰਥੀਆਂ ਦੁਆਰਾ ਪਹਿਲਾਂ  ਕਰਵਾਏ ਗਏ ਮੁਕਾਬਲਿਆਂ ਵਿੱਚ ਸਕੂਲ ਵਿੱਚ ਤਿਆਰ ਕੀਤੀਆਂ ਕਲਾਕ੍ਰਿਤਾਂ ਆਦਿ ਦੀਆਂ ਸਟਾਲਾਂ ਲਗਾਈਆਂ ਗਈਆਂ ਤਾਂ ਜੋ ਵਿਦਿਆਰਥੀ ਅਤੇ ਸਕੂਲ ਵਿੱਚ ਬਾਹਰੋਂ ਆਉਣ ਵਾਲੇ ਮਾਪੇ ਅਤੇ ਹੋਰ ਪਤਵੰਤੇ ਸੱਜਣ ਇਹਨਾਂ ਸਟਾਲਾਂ ਨੂੰ ਦੇਖ ਸਕਣ ਅਤੇ ਪ੍ਰਤੀਕਿਰਿਆ ਦੇਣ। ਵਿਦਿਆਰਥੀਆਂ ਅਤੇ ਮਾਪਿਆਂ ਦੇ ਲਈ ਲਾਇਬ੍ਰੇਰੀ ਲੰਗਰ ਵੀ ਲਗਾਇਆ ਗਿਆ ਤਾਂ ਜੋ ਕਿਤਾਬ-ਸੱਭਿਆਚਾਰ ਪੈਦਾ ਕੀਤਾ ਜਾ ਸਕੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰਜ ਨੇ ਕਿਹਾ ਕਿ ਬਾਲ ਮੇਲੇ ਦੇ ਆਯੋਜਨ ਅਤੇ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਬਾਰੇ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਸਕੂਲ ਦੇ ਸੋਸ਼ਲ ਮੀਡੀਆ ਪੇਜ, ਪੋਸਟਰਾਂ, ਅਨਾਊਂਸਮੈਂਟ ਆਦਿ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕੀਤਾ ਗਿਆ ਹੈ। ਬਾਲ ਦਿਵਸ ਅਤੇ ਦਾਖ਼ਲਾ ਮੁਹਿੰਮ ਦੀਆਂ ਵਿਸ਼ੇਸ਼/ਉੱਤਮ ਝਲਕੀਆਂ ਨਾਲ ਸੰਬੰਧਿਤ ਵੀਡੀਓ, ਪੋਸਟਰ ਆਦਿ ਵੀ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਗਏ ਤਾਂ ਜੋ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਉਤਸ਼ਾਹ ਮਿਲੇ ਅਤੇ ਦਾਖ਼ਲਾ ਮੁਹਿੰਮ ਵੀ ਸਫਲ ਹੋ ਸਕੇ। ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਬਾਲ-ਮੇਲੇ ਅਤੇ ਦਾਖ਼ਲਾ ਮੁਹਿੰਮ ਦਾ ਹਿੱਸਾ ਬਣਨ ਲਈ ਅਗੇਤ ਸੂਚਨਾ ਦਿੱਤੀ ਗਈ ਸੀ। ਇਹ ਵੀ ਯਕੀਨੀ ਬਣਾਇਆ ਗਿਆ ਕਿ ਬਾਲ ਮੇਲੇ ਵਿੱਚ ਹੋਏ ਇਨਾਮ ਵੰਡ ਸਮਾਰੋਹ ਅਤੇ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਬੜੇ ਹੀ ਉਤਸ਼ਾਹ ਨਾਲ਼ ਕੀਤੀ ਜਾਵੇ। ਇਸ ਬਾਲ ਮੇਲੇ ਅਤੇ ਦਾਖ਼ਲਾ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਮੂਹ ਅਧਿਕਾਰੀਆਂ, ਬੀ.ਪੀ.ਈ.ਓਜ, ਬੀ.ਐਨ.ਓਜ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸੈਕੰਡਰੀ ਅਤੇ ਪ੍ਰਾਇਮਰੀ ਟੀਮਾਂ ਅਤੇ ਸਕੂਲ, ਬਲਾਕ ਮੀਡੀਆ ਟੀਮਾਂ ਨੇ ਪੂਰਾ ਯੋਗਦਾਨ ਦਿੱਤਾ।

LEAVE A REPLY

Please enter your comment!
Please enter your name here