ਐਲਡਰ ਲਾਈਨ ਟੋਲ ਫਰੀ ਨੰਬਰ 14567 ‘ਤੇ ਬਜ਼ੁਰਗ ਲੈ ਸਕਦੇ ਹਨ ਮਦਦ – ਏ.ਡੀ.ਸੀ.

ਫਿਰੋਜ਼ਪੁਰ(ਦ ਸਟੈਲਰ ਨਿਊਜ਼): ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸੀਨੀਅਰ ਸਿਟੀਜ਼ਨਾਂ ਲਈ ਹੈਲਪ ਲਾਈਨ ਨੰਬਰ 14567 ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸਾਗਰ ਸੇਤੀਆ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਮਦਦ ਲਈ ਨੈਸ਼ਨਲ ਹੈਲਪਲਾਈਨ ‘ਐਲਡਰ ਲਾਈਨ’ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ, ਬਿਰਧ ਘਰ, ਗਤੀਵਿਧੀ ਕੇਂਦਰ ਅਤੇ ਹੋਰ ਜਾਣਕਾਰੀ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਅਤੇ ਪੈਨਸ਼ਨ ਸਬੰਧੀ ਮਸਲਿਆਂ ਦੇ ਸੁਝਾਅ ਆਦਿ ਬਾਰੇ ਜਾਣਕਾਰੀ ਲਈ ਇਸ ਟੋਲ ਫਰੀ ਨੰਬਰ ‘ਤੇ ਸਵੇਰੇ 8:00 ਤੋਂ ਸ਼ਾਮ 8:00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਨੇ ਐਨ.ਜੀ.ਓ. ਹੈਲਪਏਜ਼ ਇੰਡੀਆ ਵੱਲੋਂ ਸਾਂਝੇ ਤੌਰ ‘ਤੇ ਇਹ ਉਪਰਾਲਾ ਕੀਤਾ ਗਿਆ ਹੈ। ਇਸ ਦਾ ਮਕਸਦ ਘਰਾਂ, ਬਿਰਧ ਆਸ਼ਰਮਾਂ ਜਾਂ ਕਿਤੇ ਹੋਰ ਰਹਿ ਰਹੇ ਬਜ਼ੁਰਗਾਂ ਦੀ ਸੁਰੱਖਿਆ ਯਕੀਨੀ ਬਨਾਉਣਾ ਹੈ। ਇਹ ਸੰਸਥਾ ਦੁਰਵਿਵਹਾਰ ਤੋਂ ਪੀੜਤ ਬਜ਼ੁਰਗਾਂ ਦੀ ਮਦਦ ਕਰਦੀ ਹੈ ਅਤੇ ਬੇਘਰੇ ਬਜ਼ੁਰਗਾਂ ਨੂੰ ਬਿਰਧ ਘਰਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੀ ਹੈ।
ਸਾਗਰ ਸੇਤੀਆ ਨੇ ਕਿਹਾ ਕਿ ਇਹ ਟੋਲ ਫਰੀ ਨੰਬਰ ਬਜ਼ੁਰਗਾਂ ਲਈ ਬਹੁਤ ਮਦਦਗਾਰ ਸਿੱਧ ਹੋ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਬਜ਼ੁਰਗਾਂ ਨੂੰ ਕਿਹਾ ਕਿ ਕੋਈ ਵੀ ਬਜ਼ੁਰਗ ਐਮਰਜੈਂਸੀ ਵੇਲ਼ੇ ਇਸ ਨੰਬਰ ‘ਤੇ ਫੋਨ ਕਰਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਸਕਦਾ ਅਤੇ ਮਦਦ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹੈਲਪ ਲਾਈਨ ਰਾਹੀਂ ਪ੍ਰਾਪਤ ਸ਼ਿਕਾਇਤਾਂ ਦੀ ਸਬੰਧਤ ਵਿਭਾਗਾਂ ਨਾਲ ਸੰਪਰਕ ਕਰ ਕੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਂਦੀ ਹੈ।

Advertisements

LEAVE A REPLY

Please enter your comment!
Please enter your name here