ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੰਟੀਨ ਸਮੇਤ ਹੋਰ ਠੇਕਿਆਂ ਦੀ ਨਿਲਾਮੀ 1 ਮਾਰਚ ਨੂੰ

ਜਲੰਧਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ ਵਿੱਚ ਕੰਟੀਨ ਡੀ.ਏ.ਸੀ., ਟਾਈਪ-1 ਸੇਵਾ ਕੇਂਦਰ ਵਿੱਚ ਬਣੀ ਕੰਟੀਨ ਅਤੇ ਪੋਲੋਰਾਈਡ/ਡਿਜੀਟਲ ਕੈਮਰੇ ਰਾਹੀਂ ਫੋਟੋਗ੍ਰਾਫੀ ਦੇ ਠੇਕਿਆਂ ਦੀ ਨਿਲਾਮੀ 1 ਮਾਰਚ 2023 ਨੂੰ ਸਵੇਰੇ 11:00 ਵਜੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਅਦਾਲਤ ਕਮਰਾ ਨੰ. 18, ਜ਼ਮੀਨੀ ਮੰਜ਼ਿਲ (ਦਫ਼ਤਰ ਡਿਪਟੀ ਕਮਿਸ਼ਨਰ), ਜਲੰਧਰ ਵਿਖੇ ਹੋਵੇਗੀ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੋਲੋਰਾਈਡ/ਡਿਜੀਟਲ ਫੋਟੋਗ੍ਰਾਫੀ ਦੇ ਠੇਕੇ ਦੀ ਰਾਖਵੀਂ ਬੋਲੀ 24,95,000 ਰੁਪਏ, ਕੰਟੀਨ ਡੀ.ਏ.ਸੀ. ਦੇ ਠੇਕੇ ਦੀ ਰਾਖਵੀਂ ਬੋਲੀ 11,70,000 ਅਤੇ ਟਾਈਪ-1 ਸੇਵਾ ਕੇਂਦਰ ਡੀ.ਏ.ਸੀ. ਦੇ ਠੇਕੇ ਦੀ ਰਾਖਵੀਂ ਬੋਲੀ 1,93,200 ਰੁਪਏ ਅਤੇ ਸਕਿਓਰਿਟੀ ਦੀ ਰਕਮ 50-50 ਹਜ਼ਾਰ ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਬੋਲੀਕਾਰ ਨੂੰ ਬੋਲੀ ਵਿੱਚ ਸ਼ਾਮਲ ਹੋਣ ਲਈ ਆਪਣੀ ਦਰਖਾਸਤ ਅਤੇ ਸਕਿਓਰਿਟੀ ਦੀ ਰਕਮ ਦਾ ਬੈਂਕ ਡ੍ਰਾਫਟ, ਜੋ ਕਿ ਡੀਸੀ-ਕਮ-ਚੇਅਰਮੈਨ ਓ ਐਂਡ ਐਮ ਸੁਸਾਇਟੀ ਜਲੰਧਰ ਦੇ ਪੱਖ ਵਿੱਚ ਹੋਵੇ, ਦਫ਼ਤਰ ਡਿਪਟੀ ਕਮਿਸ਼ਨਰ (ਨਜ਼ਾਰਤ ਸ਼ਾਖਾ) ਕਮਰਾ ਨੰ 123, ਪਹਿਲੀ ਮੰਜ਼ਿਲ ਡੀ.ਏ.ਸੀ. ਵਿੱਚ ਬੋਲੀ ਦੀ ਮਿਤੀ ਤੋਂ ਇਕ ਦਿਨ ਪਹਿਲਾਂ ਜਮ੍ਹਾ ਕਰਵਾਉਣਾ ਹੋਵੇਗਾ, ਜੋ ਕਿ ਬਾਅਦ ਵਿੱਚ ਸਫ਼ਲ ਬੋਲੀਕਾਰ ਵੱਲੋਂ ਠੇਕੇ ਦੀ ਅੱਧੀ ਰਕਮ ਜਮ੍ਹਾ ਕਰਵਾਉਣ ਉਪਰੰਤ ਬਾਕੀ ਸਾਰਿਆਂ ਨੂੰ ਵਾਪਸ ਕਰ ਦਿੱਤਾ ਜਾਵੇਗਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਬੋਲੀ ਦੀ ਦਰਖਾਸਤ ਦੇਣ ਵਾਲੇ ਨੂੰ ਉਕਤ ਬੋਲੀ ਵਿੱਚ ਹਾਜ਼ਰ ਹੋ ਕੇ ਬੋਲੀ ਦੇਣਾ ਲਾਜ਼ਮੀ ਹੋਵੇਗਾ ਅਤੇ ਬੋਲੀ ਨਾ ਦੇਣ ਦੀ ਸੂਰਤ ਵਿੱਚ ਸਕਿਓਰਿਟੀ ਦੀ ਰਕਮ ਜ਼ਬਤ ਕਰ ਲਈ ਜਾਵੇਗੀ।ਸਕਿਓਰਿਟੀ ਦੀ ਰਕਮ ਠੇਕੇਦਾਰ ਦੀ ਆਖਰੀ ਕਿਸ਼ਤ ਵਿੱਚ ਐਡਜਸਟ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਠੇਕੇ ਦੀ ਮਿਆਦ 1 ਅਪ੍ਰੈਲ 2023 ਤੋਂ 31 ਮਾਰਚ 2024 ਹੋਵੇਗੀ ਅਤੇ 31 ਮਾਰਚ 2024 ਸ਼ਾਮ 5 ਵਜੇ ਤੋਂ ਬਾਅਦ ਠੇਕੇਦਾਰ ਨੂੰ ਆਪਣਾ ਸਮਾਨ ਡੀ.ਏ.ਸੀ. ਵਿੱਚ ਰੱਖਣ ਦਾ ਕੋਈ ਅਖਤਿਆਰ ਨਹੀਂ ਹੋਵੇਗਾ। ਜੇਕਰ ਕੋਈ ਵਿਅਕਤੀ ਕਿਸੇ ਕਾਰਨ ਸਮੇਂ ਤੋਂ ਪਹਿਲਾਂ ਠੇਕਾ ਛੱਡੇਗਾ ਤਾਂ ਉਸਦੀ 31 ਮਾਰਚ 2024 ਤੱਕ ਦੀ ਪੂਰੀ ਰਕਮ ਸਮੇਤ ਸਕਿਓਰਿਟੀ ਜ਼ਬਤ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਟੀਨ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਹੋਵੇਗਾ ਅਤੇ ਜੇਕਰ ਅਫ਼ਸਰ ਸਹਿਬਾਨ ਵੱਲੋਂ ਕੋਈ ਅਚਨਚੇਤ ਮੀਟਿੰਗ ਸ਼ਨੀਵਾਰ ਜਾਂ ਐਤਵਾਰ ਜਾਂ ਕਿਸੇ ਸਰਕਾਰੀ ਛੁੱਟੀ ਵਾਲੇ ਦਿਨ ਰੱਖੀ ਜਾਂਦੀ ਹੈ ਤਾਂ ਕੰਟੀਨ ਖੋਲ੍ਹਣ ਲਈ ਪਾਬੰਦ ਰਹੇਗਾ।

ਸਫ਼ਲ ਬੋਲੀਕਾਰ ਨੂੰ ਅੰਤਿਮ ਮਨਜ਼ੂਰ ਹੋਈ ਬੋਲੀ ਦਾ 40 ਫੀਸਦੀ ਬੋਲੀ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਉਸੇ ਸਮੇਂ ਜਮ੍ਹਾ ਕਰਵਾਉਣਾ ਹੋਵੇਗਾ। ਇਸ ਰਕਮ ਦੀ ਨਿਯਤ ਸਮੇਂ ਦੇ ਅੰਦਰ ਅਦਾਇਗੀ ਨਾ ਕੀਤੇ ਜਾਣ ‘ਤੇ ਕਾਮਯਾਬ ਬੋਲੀਕਾਰ ਦੇ ਨਾਮ ਕੀਤਾ ਗਿਆ ਠੇਕਾ ਬਿਨਾਂ ਕਿਸੇ ਨੋਟਿਸ ਤੋਂ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਵੱਲੋਂ ਜਮ੍ਹਾ ਕਰਵਾਈ ਗਈ ਰਾਸ਼ੀ ਅਤੇ ਹੋਰ ਰਕਮ ਜ਼ਬਤ ਕਰ ਲਈ ਜਾਵੇਗੀ ਅਤੇ ਅਗਲੇ ਸਫ਼ਲ ਬੋਲੀਕਾਰ ਨੂੰ ਉੱਚਤਮ ਬੋਲੀ ਦੇ ਰੇਟਾਂ ‘ਤੇ ਠੇਕੇ ਦੀ ਪੇਸ਼ਕਸ਼ ਕੀਤੀ ਜਾਵੇਗੀ।

ਵੱਖ-ਵੱਖ ਠੇਕੇਦਾਰਾਂ ਵੱਲੋਂ ਡੀ.ਏ.ਸੀ. ਵਿੱਚ ਆਉਣ ਵਾਲੇ ਲੋਕਾਂ ਨੂੰ ਵੇਚੀਆਂ/ਮੁਹੱਈਆ ਕੀਤੀਆਂ ਜਾਣ ਵਾਲੀਆਂ ਵਸਤਾਂ/ਸੇਵਾਵਾਂ ਦੀ ਕੀਮਤ ਬੋਲੀ ਸਮੇਂ ਘੋਸ਼ਿਤ ਕੀਤੀ ਜਾਵੇਗੀ ਅਤੇ ਠੇਕੇਦਾਰ ਉਸਦਾ ਪਾਬੰਦ ਹੋਵੇਗਾ। ਇਸ ਤੋਂ ਇਲਾਵਾ ਸਬੰਧਤ ਠੇਕੇਦਾਰ ਨਿਰਧਾਰਿਤ ਕੀਤੇ ਗਏ ਰੇਟਾਂ ਨੂੰ ਦਰਸਾਉਂਦੀ ਸੂਚੀ ਵੱਡੇ ਬੋਰਡ ‘ਤੇ ਲਿਖਵਾ ਕੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਹਰੇਕ ਪ੍ਰਵੇਸ਼ ਤੋਂ ਇਲਾਵਾ ਆਪਣੇ ਕਾਊਂਟਰ ‘ਤੇ ਵੀ ਲਗਾਏਗਾ। ਬੁਲਾਰੇ ਨੇ ਦੱਸਿਆ ਕਿ ਬਾਕੀ ਸ਼ਰਤਾਂ ਮੌਕੇ ‘ਤੇ ਹੀ ਪੜ੍ਹ ਕੇ ਸੁਣਾਈਆਂ ਜਾਣਗੀਆਂ, ਜੋ ਕਿ ਸਬੰਧਤ ਬੋਲੀ ਦੇਣ ਵਾਲੇ ਮੰਨਣ ਦੇ ਪਾਬੰਦ ਹੋਣਗੇ ਅਤੇ ਇਨ੍ਹਾਂ ਸ਼ਰਤਾਂ ਵਿੱਚ ਵਾਧਾ/ਸੋਧ ਕਰਨ ਦਾ ਅਧਿਕਾਰ ਚੇਅਰਮੈਨ ਪਾਸ ਹੋਵੇਗਾ।

LEAVE A REPLY

Please enter your comment!
Please enter your name here