ਨਿਤ ਨਵਾਂ ਜਾਨਣ ਦੀ ਜਗਿਆਸਾ ਨੂੰ ਤੇਜ ਕਰਨ ਵਿਦਿਆਰਥੀ: ਸਾਕਸ਼ੀ ਸਾਹਨੀ

ਪਟਿਆਲਾ (ਦ ਸਟੈਲਰ ਨਿਊਜ਼) । ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਨੇ ਅੱਜ ਕੌਮੀ ਵਿਗਿਆਨ ਦਿਵਸ ਮੌਕੇ ਵਿਦਿਆਰਥੀਆਂ ਨੂੰ ਹਰ ਸਮੇਂ ਕੁਝ ਨਵਾਂ ਜਾਨਣ ਦੀ ਆਪਣੀ ਜਗਿਆਸਾ ਨੂੰ ਹੋਰ ਤੇਜ ਕਰਨ ਲਈ ਪ੍ਰੇਰਿਤ ਕੀਤਾ। ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਨੋਬਲ ਪੁਰਸਕਾਰ ਵਿਜੇਤਾ ਵਿਗਿਆਨੀ ਸੀ.ਵੀ. ਰਮਨ ਦੀ ਯਾਦ ਨੂੰ ਸਮਰਪਿਤ ‘ਕੌਮੀ ਵਿਗਿਆਨ ਦਿਵਸ’ ਦੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਦਾ ਨਿਰੀਖਣ ਵੀ ਕੀਤਾ।
ਸਾਕਸ਼ੀ ਸਾਹਨੀ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਚੇਤਨਤਾ ਦੇ ਪਾਸਾਰ ਲਈ ਵਿਗਿਆਨ ਨੂੰ ਹੋਰਨਾਂ ਵਿਸ਼ਿਆਂ ਨਾਲ ਜੋੜਕੇ ਪੜ੍ਹਨ ਤੇ 2023 ਦੇ ਵਿਗਿਆਨਕ ਥੀਮ, ਜੀ-20 ਸੰਮੇਲਨ ਦੇ ਏਜੰਡੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀ ਚੌਗਿਰਦੇ ਬਾਰੇ ਜਾਣਨ ਲਈ ਆਪਣੀਆਂ ਅੱਖਾਂ ਖੋਲ੍ਹਣ ਤਾਂ ਜਾਦੂ ਹੀ ਜਾਦੂ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਕੌਮੀ ਵਿਗਿਆਨ ਦਿਵਸ ਦਾ ਨਾਅਰਾ ‘ਵਿਗਿਆਨ-ਮਨੁੱਖਤਾ ਦੀ ਭਲਾਈ ਲਈ’ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਿੰਦਰ ਕੌਰ ਨੇ ਵਿਭਾਗੀ ਵਿਗਿਆਨਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਬਲਬੀਰ ਸਿੰਘ ਜੌੜਾ ਨੇ ‘ਜੀ ਆਇਆਂ’ ਆਖਦਿਆਂ ਮਨੁੱਖਤਾ ਦੇ ਵਿਕਾਸ ਵਿਚ ਵਿਗਿਆਨ ਦੇ ਯੋਗਦਾਨ ਬਾਰੇ ਚਾਨਣਾ ਪਾਇਆ।
ਪ੍ਰੋਗਰਾਮ ਦੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਪਾਲ ਸ਼ਰਮਾ ਨੇ ਕੀਤੀ ਤੇ ਨੈਸ਼ਨਲ ਅਵਾਰਡੀ ਅਧਿਆਪਕ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਸੌਖੀਆਂ ਵਿਗਿਆਨਕ ਕਿਰਿਆਵਾਂ ਤੇ ਵਿਗਿਆਨਕ ਤਜਰਬੇ ਸਾਂਝੇ ਕੀਤੇ। ਪੰਜਾਬੀ ਯੂਨੀਵਰਸਿਟੀ ਤੋਂ ਚਿੰਤਕ ਪ੍ਰੋ. ਕੁਲਦੀਪ ਸਿੰਘ ਨੇ ਪ੍ਰਸਿੱਧ ਵਿਗਿਆਨੀਆਂ ਦੇ ਵਿਦਿਆਰਥੀ ਜੀਵਨ ਤੇ ਉਹਨਾਂ ਦੇ ਸੰਘਰਸ਼ਮਈ ਦਿਨਾਂ ਬਾਰੇ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਵਿਗਿਆਨ ਦਿਵਸ ਦੀ ਥੀਮ ਬਾਰੇ ਅਧਿਆਪਕ ਡੈਕਲਾਮੇਸ਼ਨ ਜੇਤੂ ਅਧਿਆਪਕਾਂ ਸ੍ਰੀਮਤੀ ਗੁਪਤਾ, ਲੀਨਾ, ਸੰਤੋਸ਼ ਕੁਮਾਰੀ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ‘ਚ ਜ਼ਿਲ੍ਹਾ ਸਾਇੰਸ ਮੈਂਟਰ ਗਗਨਦੀਪ ਕੌਰ, ਦਿਨੇਸ਼ ਕੁਮਾਰ, ਅਮਰਦੀਪ ਸਿੰਘ, ਸੋਨੀਆ ਚਾਵਲਾ, ਨਤਾਲਿਆ, ਮੋਨਾ ਤੇ ਸਕੂਲ ਦੇ ਹਾਊਸ ਇੰਚਾਰਜ ਅੰਮ੍ਰਿਤਪਾਲ ਕੌਰ ਸਟੇਟ ਅਵਾਰਡੀ ਅਧਿਆਪਕਾ ਵੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here