ਕਿਸਾਨਾਂ ਲਈ ਮਿਸਾਲ ਬਣਿਆ ਪਿੰਡ ਭਾਮੜੀ ਦਾ ਅਗਾਂਹਵਧੂ ਨੌਜਵਾਨ ਕਿਸਾਨ

ਗੁਰਦਾਸਪੁਰ, (ਦ ਸਟੈਲਰ ਨਿਊਜ਼): ‘ਮਿਹਨਤ ਅੱਗੇ ਲਕਛਮੀ, ਪੱਖੇ ਅੱਗੇ ਪੌਣ’ ਕਹਾਵਤ ਨੂੰ ਜ਼ਿਲਾ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਨੌਜਵਾਨ ਕਿਸਾਨ ਹਰਿੰਦਰ ਸਿੰਘ ਨੇ ਸੱਚ ਕਰ ਦਿਖਾਇਆ ਹੈ। ਆਪਣੀ ਮਿਹਨਤ ਅਤੇ ਅਗਾਂਹਵਧੂ ਸੋਚ ਰਾਹੀ ਖੇਤੀਬਾੜੀ ਵਿੱਚ ਵੰਨ ਸੁਵੰਨਤਾ ਲਿਆਉਣ ਅਤੇ ਖੇਤੀ ਸੰਦਾਂ ਨੂੰ ਕਿਰਾਏ ‘ਤੇ ਦੇਣ ਲਈ ਕਿਸਾਨ ਸੇਵਾ ਕੇਂਦਰ ਸਫਲਤਾਪੂਰਵਕ ਚਲਾਉਣ ਦਾ ਸੁਪਨਾ ਹਕੀਕਤ ਵਿੱਚ ਬਦਲ ਕੇ ਉਸ ਨੇ ਪੰਜਾਬ ਦੇ ਉਨਾਂ ਨੌਜਵਾਨ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਬਣਿਆ ਹੈ ਜੋ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।

Advertisements

ਪਿਤਾ ਸੁਰਿੰਦਰ ਸਿੰਘ ਦੇ ਘਰ ਅਤੇ ਮਾਤਾ ਸੁਖਬੀਰ ਕੌਰ ਦੀ ਕੁੱਖੋਂ 1986 ਵਿੱਚ ਜਨਮੇ ਹਰਿੰਦਰ ਸਿੰਘ ਨੂੰ ਬਚਪਨ ਤੋਂ ਹੀ ਖੇਤੀ ਨਾਲ ਬਹੁਤ ਪਿਆਰ ਸੀ ਅਤੇ ਸੰਨ 2008 ਵਿੱਚ ਗ੍ਰੈਜੂਏਸ਼ਨ ਕਰਨ ਉਪਰੰਤ ਉਸ ਨੇ ਆਪਣੇ ਪਿਤਾ ਨਾਲ ਖੇਤੀ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ। ਖੇਤੀ ਕਿੱਤੇ ਨੂੰ ਲਾਹੇਵੰਦਾ ਬਣਾਉਣ ਅਤੇ ਨਾਲ ਸਹਾਇਕ ਕਿੱਤੇ ਸ਼ੁਰੂ ਕਰਨ ਲਈ ਨੌਜਵਾਨ ਹਰਿੰਦਰ ਸਿੰਘ ਖੇਤੀਬਾੜੀ ਵਿਭਾਗ ਨਾਲ ਰਾਬਤਾ ਕੀਤਾ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਵਿੱਚ ਆਉਣ ਤੋਂ ਬਾਅਦ ਆਪਣੀ ਖੇਤੀ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਆਧੁਨਿਕ ਲੀਹਾਂ ‘ਤੇ ਤੋਰ ਕੇ ਰਵਾਇਤੀ ਝੋਨੇ-ਕਣਕ ਫਸਲੀ ਚੱਕਰ ਹੇਠੋਂ ਕੱਢ ਕੇ ਨਕਦੀ ਫਸਲਾਂ ਜਿਵੇਂ ਕਮਾਦ, ਦਾਲਾਂ, ਤੇਲ ਬੀਜ਼ ਅਤੇ ਬਾਸਮਤੀ ਹੇਠ ਰਕਬਾ ਲਿਆਉਣਾ ਸ਼ੁਰੂ ਕੀਤਾ। ਵਿਗਿਆਨਕ ਖੇਤੀ ਕਰਨ ਲਈ ਮਸ਼ੀਨਰੀ ਦੀ ਜ਼ਰੁਰਤ ਹੁੰਦੀ ਹੈ, ਪਰ ਮਸ਼ੀਨਰੀ ਮਹਿੰਗੀ ਹੋਣ ਕਾਰਨ ਸਾਰੀ ਮਸ਼ੀਨਰੀ ਇਕ ਆਮ ਕਿਸਾਨ ਲਈ ਖ੍ਰੀਦਣੀ ਵੱਸੋਂ ਬਾਹਰ ਵਾਲੀ ਗੱਲ ਹੈ।

ਪੰਜਾਬ ਰਾਜ ਕਿਸਾਨ ਕਮਿਸ਼ਨ ਵੱਲੋਂ ਖੇਤੀਬਾੜੀ ਵਿਭਾਗ ਰਾਹੀਂ ਖੇਤੀ ਮਸ਼ੀਨਰੀ ਸੇਵਾ ਕੇਂਦਰ ਖੋਲਣ ਲਈ ਸਬਸਿਡੀ ਦੇਣ ਬਾਰੇ ਪਤਾ ਲੱਗਣ ਤੇ ਹਰਿੰਦਰ ਸਿੰਘ ਨੇ ਸੋਚਿਆ ਕਿ ਕਿਉਂ ਨਾ ਖੇਤੀ ਦੇ ਨਾਲ ਨਾਲ ਖੇਤੀ ਮਸ਼ੀਨਰੀ ਸੇਵਾ ਖੋਲਿਆ ਜਾਵੇ ਤਾਂ ਜੋ ਕਿਰਾਏ ਤੇ ਮਸ਼ੀਨਰੀ ਦੇ ਕੇ ਜਿਥੇ ਛੋਟੇ ਕਿਸਾਨਾਂ ਦੀ ਸੇਵਾ ਕੀਤੀ ਜਾ ਸਕੇਗੀ, ਉਥੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਵੀ ਕੀਤਾ ਜਾ ਸਕੇਗਾ। ਸੰਨ 2009 ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਪੰਜਾਬ ਨੈਸ਼ਨਲ ਬੈਂਕ ਤੋਂ 10 ਲੱਖ ਦਾ ਕਰਜ਼ਾ ਲੈ ਕੇ ਹਰਿੰਦਰ ਸਿੰਘ ਨੇ ਪਿੰਡ ਵਿੱਚ ਖੇਤੀ ਮਸ਼ੀਨਰੀ ਕੇਂਦਰ ਸਥਾਪਤ ਕੀਤਾ। ਇਸ ਸਕੀਮ ਤਹਿਤ ਹਰਿੰਦਰ ਸਿੰਘ ਨੇ ਟਰੈਕਟਰ, ਲੇਜ਼ਰ ਲੈਵਲਰ, ਰੋਟਾਵੇਟਰ, ਕਰਾਪ ਪਲਾਂਟਰ ਦੀ ਖ੍ਰੀਦ ਕੀਤੀ ਅਤੇ ਮਸ਼ੀਨਰੀ ਦੀ ਸੰਭਾਲ ਲਈ ਸ਼ੈੱਡ ਵੀ ਤਿਆਰ ਕੀਤਾ। ਸੰਨ 2009 ਵਿੱਚ ਵਿਰਲੇ ਕਿਸਾਨ ਨੂੰ ਹੀ ਲੇਜ਼ਰ ਲੈਂਡ ਲੈਵਲਰ ਬਾਰੇ ਜਾਣਕਾਰੀ ਹੁੁੰਦੀ ਸੀ, ਹਰਿੰਦਰ ਸਿੰਘ ਨੇ ਸ਼ੁਰੂ ਵਿੱਚ ਆਪਣੇ ਖੇਤ ਪੱਧਰੇ ਕਰਕੇ ਇਲਾਕੇ ਦੇ ਹੋਰਨਾਂ ਕਿਸਾਨਾਂ ਨੁੰ ਦਿਖਾਇਆ ਤਾਂ ਉਨਾਂ ਅੰਦਰ ਇਸ ਮਸ਼ੀਨਰੀ ਪ੍ਰਤੀ ਦਿਲਚਸਪੀ ਵਧਣੀ ਸ਼ੁਰੂ ਹੋ ਗਈ। ਸਾਉਣੀ 2009 ਦੌਰਾਨ ਝੋਨੇ ਦੀ ਲਵਾਈ ਤੋਂ ਪਹਿਲਾਂ ਤਕਰੀਬਨ 800 ਏਕੜ ਜ਼ਮੀਨ ਹੋਰਨਾਂ ਕਿਸਾਨਾਂ ਦੀ ਜ਼ਮੀਨ ਪੱਧਰੀ ਕਰਕੇ 500 ਰੁਪਏ ਪ੍ਰਤੀ ਏਕੜ ਕਿਰਾਏ ਵੱਜੋਂ ਲੈ ਕੇ 4 ਲੱਖ ਦੀ ਕਮਾਈ ਕੀਤੀ।

ਇਸ ਤਰਾਂ ਖੇਤ ਪੱਧਰੇ ਕਰਕੇ ਝੋਨਾ ਲਾਉਣ ਨਾਲ ਜਿਥੇ ਧਰਤੀ ਹੇਠਲੇ ਦੀ ਬੱਚਤ ਹੋਈ ਉਥੇ ਪੈਦਾਵਾਰ ਵਿੱਚ ਵਾਧਾ ਹੋਣ ਕਾਰਨ ਪਰਿਵਾਰਕ ਆਮਦਨ ਵਿੱਚ ਵਾਧਾ ਹੋਇਆ। ਇਸ ਵਕਤ ਹਰਿੰਦਰ ਸਿੰਘ ਦੇ ਕਿਸਾਨ ਸੇਵਾ ਕੇਂਦਰ ਵਿੱਚ ਟਰੈਕਟਰ, ਟਰੈਕਟਰ ਨਾਲ ਚੱਲਣ ਵਾਲਾ ਸਪਰੇਅ ਪੰਪ, ਰੋਟਾਵੇਟਰ, ਲੇਜ਼ਰ ਲੈਵਲਰ, ਬੈੱਡ ਪਲਾਂਟਰ, ਜ਼ਮੀਨ ਨੂੰ ਡੂੰਘੀ ਪੁੱਟਣ ਵਾਲੀ ਮਸ਼ੀਨ (ਸਬ ਸਾਇਲਰ), ਤਰਫਾਲੀ, ਪਾਵਰ ਵੀਡਰ, ਰਿਜ਼ਰ ਅਤੇ ਹੋਰ ਸੰਦ ਮੌਜੂਦ ਹਨ, ਜਿਥੋਂ ਛੋਟੇ ਅਤੇ ਦਰਮਿਆਨੇ ਕਿਸਾਨ ਕਿਰਾਏ ਤੇ ਲੈ ਕੇ ਵਾਹੀ ਕਰਦੇ ਹਨ ਅਤੇ ਆਪਣੀ ਪਰਿਵਾਰਕ ਆਮਦਨ ਵਿੱਚ ਵਾਧਾ ਕਰ ਰਹੇ ਹਨ।

ਕਣਕ-ਝੋਨੇ ਫਸਲੀ ਚੱਕਰ ਵਿੱਚ ਫਸਲੀ ਵਿਭਿੰਨਤਾ ਲਿਆ ਕੇ ਹਰਿੰਦਰ ਸਿੰਘ ਨੇ ਕੁਦਰਤੀ ਸੋਮਿਆਂ ਦੀ ਵੱਡੀ ਪੱਧਰ ਤੇ ਬੱਚਤ ਕੀਤੀ ਹੈ। ਉਹ ਆਪਣੇ ਪਰਿਵਾਰ ਦੇ ਸਹਿਯੋਗ 50 ਏਕੜ ਜ਼ਮੀਨ ਵਿੱਚ ਸਫਲਤਾ ਪੂਰਵਕ ਖੇਤੀ ਕਰ ਰਿਹਾ ਹੈ। 2011 ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਨਾਲ ਬੈੱਡ ਪਲਾਂਟਰ ਨਾਲ ਕਣਕ ਦੀ ਕਾਸਤ ਵੱਟਾਂ ਉੱਪਰ ਕਰਨੀ ਸ਼ੁਰੂ ਕੀਤੀ ਅਤੇ ਫਰਵਰੀ ਮਹੀਨੇ ਦੌਰਾਨ ਵੱਟਾਂ ਦੇ ਵਿਚਕਾਰ ਖਾਲੀਆਂ ਵਿੱਚ ਗੰਨੇ ਦੀ ਬਿਜਾਈ ਕੀਤੀ ਗਈ। ਇਸ ਤਕਨੀਕ ਦਾ ਇਹ ਫਾਇਦਾ ਹੋਇਆ ਕਿ ਕਣਕ ਦਾ ਬੀਜ ਘਟ ਵਰਤਣ ਦੇ ਨਾਲ-ਨਾਲ ਖਾਲੀਆਂ ਵਿੱਚ ਗੰਨੇ ਦੀ ਫਸਲ ਡੇਢ ਮਹੀਨਾ ਪਹਿਲਾਂ ਬੀਜਣ ਕਾਰਨ 60 ਕੁਇੰਟਲ ਪ੍ਰਤੀ ਏਕੜ ਗੰਨੇ ਦੀ ਵੱਧ ਪੈਦਾਵਾਰ ਪ੍ਰਾਪਤ ਹੋਈ।

ਇਸ ਤਕਨੀਕ ਦੇ ਫਾਇਦਿਆਂ ਤੋਂ ਉਤਸ਼ਾਹਿਤ ਹੋ ਕੇ ਹੁਣ ਹਰਿੰਦਰ ਸਿੰਘ 35 ਏਕੜ ਰਕਬੇ ਵਿੱਚ ਕਮਾਦ, 11 ਏਕੜ ਵਿੱਚ ਵੱਟਾਂ ਉੱਪਰ ਕਣਕ ਦੀ ਬਿਜਾਈ, 1 ਏਕੜ ਰਕਬੇ ਵਿੱਚ ਛੋਲੇ, ਅੱਧੇ ਏਕੜ ਵਿੱਚ ਸਰੋਂ, ਅੱਧੇ ਏਕੜ ਰਕਬੇ ਵਿੱਚ ਮਸਰ, ਇੱਕ ਏਕੜ ਵਿੱਚ ਚੁਕੰਦਰ ਅਤੇ ਇੱਕ ਏਕੜ ਰਕਬੇ ਸਰੋਂ ਦੀ ਬਿਜਾਈ ਕਰਦਾ ਹੈੈ, ਜਿਸ ਤੋਂ ਪ੍ਰੇਰਿਤ ਹੋ ਕੇ ਚਾਲੂ ਹਾੜੀ ਦੌਰਾਨ ਇਲਾਕੇ ਦੇ ਕਿਸਾਨਾਂ ਦੀ 1000 ਰੁਪਏ ਬਤੌਰ ਕਿਰਾਇਆ ਲੈ ਕੇ  150 ਏਕੜ ਜ਼ਮੀਨ ਵਿੱਚ ਵੱਟਾਂ ਉੱਪਰ ਕਣਕ ਦੀ ਬਿਜਾਈ ਕੀਤੀ ਹੈ। ਇਹ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੇ ਖਾਲੀਆਂ ਵਿੱਚ ਗੰਨੇ ਦੀ ਕਾਸਤ ਕਰਕੇ ਵੱਡੀ ਪੱਧਰ ਤੇ ਡੀਜ਼ਲ ਤੇਲ ਅਤੇ ਮਜ਼ਦੂਰੀ ਤੇ ਆਉਣ ਵਾਲੇ ਖਰਚੇ ਦੀ ਬੱਚਤ ਕੀਤੀ ਹੈ।

ਹਰਿੰਦਰ ਸਿੰਘ ਨੇ ਦੱਸਿਆ ਕਿ ਖੇਤੀ ਮਸ਼ੀਨਰੀ ਸਥਾਪਤ ਕਰਨ ਤੋਂ ਬਾਅਦ ਉਹ ਤਕਰੀਨ 30 ਲੱਖ ਰੁਪਏ ਕਮਾ ਚੁੱਕਾ ਹੈ ਅਤੇ ਫਸਲਾਂ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਇਆ ਹੈ। ਇਸ ਸਾਲ ਹਰਿੰਦਰ ਸਿੰਘ ਨੇ ਜ਼ਮੀਨ ਨੂੰ ਡੁੰਘਾ ਵਾਹੁਣ ਵਾਲੀ ਮਸ਼ੀਨ ਸਬ ਸੁਆਇਲਰ ਦੀ ਖ੍ਰੀਦੀ ਹੈ। ਹਰਿੰਦਰ ਸਿੰਘ ਦੱਸਦਾ ਹੈ ਸਬ ਸੁਆਇਲਰ ਦੀ ਵਰਤੋਂ ਨਾਲ ਤਕਰੀਬਨ ਡੇਢ ਫੁੱਟ ਡੁੰਘੀ ਵਹਾਈ ਹੁੰਦੀ ਹੈ ਜਿਸ ਕਾਰ ਝੋਨੇ ਦੀ ਕੱਦੁ ਕਰਕੇ ਲਗਾਤਾਰ ਕਾਸਤ ਕਰਨ ਕਰਕੇ ਪੈਦਾ ਹੋਈ ਸਖਤ ਸਤਿਹ ਟੁੱਟ ਜਾਂਦੀ ਹੈ।ਇਸ ਸਤਿਹ ਦੇ ਟੁੱਟਣ ਕਾਰਨ ਫਸਲਾਂ ਨੂੰ ਲਗਾਇਆ ਜਾਣ ਵਾਲਾ ਪਾਣੀ ਭਾਫ ਬਣ ਕੇ ਉੱਡਣ ਦੀ ਬਿਜਾਏ ਜ਼ਮੀਨ ਵਿੱਚ ਚਲਾ ਜਾਂਦਾ ਹੈ।

ਹਰਿੰਦਰ ਸਿੰਘ ਨੇ ਸੂਰਜੀ ਰੋਸਨੀ ਨਾਲ ਚੱਲਣ ਵਾਲੇ ਟਿਊਬਵੈੱਲ ਦੇ ਨਾਲ ਨਾਲ ਬਾਇਉ ਗੈਸ ਪਲਾਂਟ ਵੀ ਲਗਾਇਆ ਹੋਇਆ ਹੈ ਜਿਸ ਨਾਲ ਉਹ ਬਿਜਲੀ ਦੀ ਘਰੇਲੂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਉਸਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿੱਚ ਜੇਕਰ ਖੇਤੀ ਨੂੰ ਲਾਹੇਵੰਦ ਬਨਾਉਣਾ ਹੈ ਤਾਂ ਕਿਸਾਨਾਂ ਨੂੰ ਮਜ਼ਦੂਰਾਂ ਉੱਪਰ ਨਿਰਭਰ ਹੋਣ ਦੀ ਬਿਜਾਏ ਖੇਤੀ ਮਾਹਿਰਾਂ ਦੀ ਸਲਾਹ ਨਾਲ ਖੇਤੀ ਦੀਆਂ ਨਵੀਆਂ ਤਕਨੀਕਾਂ ਅਪਨਾ ਕੇ ਖੁਦ ਕੰਮ ਕਰਨਾ ਪਵੇਗਾ। ਉਸ ਦਾ ਕਹਿਣਾ ਹੈ ਕਿ ਦੇਖਾ ਦੇਖੀ ਖੇਤੀ ਰਸਾਇਣਾਂ ਖਾਸ ਕਰਕੇ ਯੂਰੀਆ ਖਾਦ ਅਤੇ ਕੀਟ ਨਾਸ਼ਕਾਂ ਦੀ ਸਿਫਾਰਸ਼ਾ ਤੋਂ ਵਧੇਰੇ ਵਰਤੋਂ ਨਹੀ ਕਰਨੀ ਚਾਹੀਦੀ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here