ਉਸਤਾਦ ਫ਼ੈਆਜ ਵੱਸੀਫ਼ੁਦੀਨ ਡਾਗਰ ਦੀ ਧਰੁਪਦ ਸ਼ੈਲੀ ਗਾਇਕੀ ਨੇ ਕੀਤੇ ਸਰੋਤੇ ਮੰਤਰ ਮੁਗਧ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਅੱਜ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਹਿੰਦੁਸਤਾਨੀ ਸ਼ਾਸ਼ਤਰੀ ਸੰਗੀਤ ਦੀ ਪਹਿਲੀ ਸ਼ਾਮ ਪਟਿਆਲਵੀਆਂ ਅਤੇ ਕਲਾ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣੀ। ਦਰਬਾਰ ਹਾਲ ਦੇ ਖੁਲ੍ਹੇ ਵਿਹੜੇ ‘ਚ ਸ਼ਾਸ਼ਤਰੀ ਸੰਗੀਤ ਦੀ ਪਹਿਲੀ ਸ਼ਾਮ ਉਸ ਸਮੇਂ ਖ਼ੂਬਸੂਰਤ ਨਜ਼ਰ ਆਈ, ਜਦੋਂ ਇਥੇ ਭਾਰਤੀ ਸ਼ਾਸ਼ਤਰੀ ਸੰਗੀਤ ਪ੍ਰੰਪਰਾ ਦੇ ਸਿਰਮੌਰ ਗਾਇਕ ਮੀਆਂ ਤਾਨਸੇਨ ਦੇ ਉਸਤਾਦ ਹਰੀਦਾਸ ਡਾਗਰ ਦੀ ਪੀੜ੍ਹੀ ‘ਚੋਂ ਧਰੁਪਦ ਗਾਇਕੀ ਦੇ ਉੱਘੇ ਗਾਇਕ ਪਦਮ ਸ੍ਰੀ ਉਸਤਾਦ ਫੈਆਜ਼ ਵੱਸੀਫ਼ੁਦੀਨ ਡਾਗਰ ਨੇ ਧਰੁਪਦ ਗਾਇਕੀ ਦੇ ਰੰਗ ਬਿਖੇਰੇ। ਇਸ ਮੌਕੇ ਵੱਡੀ ਗਿਣਤੀ ਪੁੱਜੇ ਦਰਸ਼ਕ ਸਰੋਤਿਆਂ ਨੇ ਸ਼ਾਸਤਰੀ ਸੰਗੀਤ ਦਾ ਅਨੰਦ ਮਾਣਦਿਆਂ ਤਾੜੀਆਂ ਦੀ ਗੂੰਜ ਨਾਲ ਭਾਰਤ ਦੀ ਪੁਰਾਤਨ ਸ਼ੈਲੀ ਦੇ ਸ਼ਾਸ਼ਤਰੀ ਸੰਗੀਤ ਦਾ ਸਤਿਕਾਰ ਕੀਤਾ।
ਇਸ ਸ਼ਾਸਤਰੀ ਸੰਗੀਤ ਦੀ ਸ਼ਾਮ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਡਿਵੈਲਪਮੈਂਟ ਤੋਂ ਅਨੀਤਾ ਸਿੰਘ ਨੇ ਪਿਛਲੇ 260 ਸਾਲਾਂ ਤੋਂ ਬਾਬਾ ਆਲਾ ਸਿੰਘ ਦੇ ਅਸਥਾਨ ‘ਤੇ ਜਗ ਰਹੀ ਜਵਾਲਾ ਜੀ ਦੀ ਜੋਤ ਤੋਂ ਮਸ਼ਾਲ ਰਾਹੀਂ ਦੀਪ ਜਲਾ ਕੇ ਸ਼ਾਸ਼ਤਰੀ ਸੰਗੀਤ ਸ਼ਾਮ ਦੀ ਸ਼ੁਰੂਆਤ ਕਰਵਾਈ।
ਇਸ ਸ਼ਾਸਤਰੀ ਸੰਗੀਤ ਦੀ ਮਧੁਰ ਸੰਗੀਤਮਈ ਸ਼ਾਮ ਦੌਰਾਨ ਪਦਮ ਉਸਤਾਦ ਫੈਆਜ਼ ਵੱਸੀਫ਼ੁਦੀਨ ਡਾਗਰ ਨੇ ਰਾਗ ਦੀਪ ਪਲਾਸੀ ਦੀ ਬੰਦਿਸ਼ ‘ਕੁੰਜਨ ਮੇਂ ਰਚਿਓ ਰਾਸ, ਅਦਭੁਤ ਗਤੀ ਹੀੇਂ ਗੋਪਾਲ’ ਤੋਂ ਸ਼ੁਰੂਆਤ ਕਰਕੇ ਹੋਲੀ ਦੇ ਨਾਲ ਸਬੰਧਤ ਵਿਸ਼ੇਸ਼ ਬੰਦਿਸ਼ਾਂ ਸਮੇਤ ਵਿਰਾਸਤੀ ਧਰੁਪਦ ਗਾਇਕੀ ਨਾਲ ਰੰਗ ਬੰਨ੍ਹਦਿਆਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਸਤਾਦ ਫ਼ੈਆਜ਼ ਵੱਸੀਫ਼ੁਦੀਨ ਡਾਗਰ ਨਾਲ ਪਖਾਵਜ ‘ਤੇ ਨਾਥ ਦੁਆਰਾ ਪ੍ਰੰਪਰਾ ਦੇ ਕੁਦਾਉ ਸਿੰਘ ਪਖਾਵਜ ਘਰਾਣੇ ਦੇ ਪੰਡਿਤ ਮੋਹਨ ਸ਼ਾਮ ਸ਼ਰਮਾ ਅਤੇ ਤੰਬੂਰੇ ‘ਤੇ ਜਗਜੀਤ ਸਿੰਘ ਅਤੇ ਜਤਿਨ ਸਿੰਘ ਨੇ ਸੰਗਤ ਕੀਤੀ।
ਇਸ ਉਪਰੰਤ ਉਸਤਾਦ ਸ਼ੁਜਾਤ ਹੁਸੈਨ ਖ਼ਾਨ ਨੇ ਸਿਤਾਰ ਵਾਦਨ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਉਸਤਾਦ ਵਿਲਾਇਤ ਖ਼ਾਨ ਦੇ ਸਪੁੱਤਰ ਸ਼ੁਜਾਤ ਖ਼ਾਨ ਸਿਤਾਰ ਇਮਦਾਦਖ਼ਾਨੀ ਘਰਾਨਾ ਨਾਲ ਸਬੰਧਤ ਹਨ ਤੇ ਇਨ੍ਹਾਂ ਨੇ ਸੰਗੀਤ ਦੀ ਵਿੱਦਿਆ ਤਿੰਨ ਸਾਲਾਂ ਦੀ ਉਮਰ ਤੋਂ ਸ਼ੁਰੂ ਕੀਤੀ। ਉਨ੍ਹਾਂ ਨੇ 100 ਤੋਂ ਵਧੇਰੇ ਐਲਬੰਮ ਰਿਕਾਰਡ ਕਰਵਾਈਆਂ ਤੇ ਬੈਸਟ ਵਰਡ ਮਿਉਜਿਕ ਐਲਬੰਮ ‘ਚ ਗਰੈਮੀ ਅਵਾਰਡ ਲਈ ਨਾਮਜਦ ਹੋਏ। ਸ਼ਜਾਤ ਖ਼ਾਨ ਨੇ ਆਪਣੀਆਂ ਗ਼ਜਲਾਂ, ਗਾਇਕੀ ਤੇ ਸਿਤਾਰ ਵਾਦਨ ਨਾਲ ਸਰੋਤੇ ਝੂਮਣ ਲਾਏ। ਉਨ੍ਹਾਂ ਦੇ ਨਾਲ ਵੱਖ-ਵੱਖ ਸਾਜਾਂ ‘ਤੇ ਸੰਗਤ ਅਰੁਣਾਂਗਸ਼ੁ ਚੌਧਰੀ, ਪ੍ਰਤੀਕ ਕੁਮਾਰ ਤੇ ਸ਼ਾਰਿਕ ਮੁਸਤਫ਼ਾ ਨੇ ਕੀਤੀ। ਇਸ ਸ਼ਾਸਤਰੀ ਸੰਗੀਤ ਸ਼ਾਮ ਦਾ ਮੰਚ ਦਾ ਸੰਚਾਲਨ ਡਾ. ਨਿਵੇਦਿਤਾ ਸਿੰਘ ਨੇ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਧਰਮ ਪਤਨੀ ਸਿਮਰਜੀਤ ਕੌਰ ਪਠਾਣਮਾਜਰਾ, ਵੀਰਪਾਲ ਕੌਰ ਚਹਿਲ, ਯੰਗ ਹਿਸਟੋਰੀਅਨ ਸਿਮਰ ਸਿੰਘ, ਭਾਈ ਸਾਹਿਬ ਦਿਲਾਵਰ ਸਿੰਘ ਬਾਗਰੀਆਂ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਏ.ਈ.ਟੀ.ਸੀ. ਕੰਨੂ ਗਰਗ ਤੇ ਵੱਡੀ ਗਿਣਤੀ ‘ਚ ਪਟਿਆਲਾ ਵਾਸੀਆਂ, ਸੰਗੀਤ ਦੇ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਇਸ ਸ਼ਾਸਤਰੀ ਸੰਗੀਤ ਸ਼ਾਮ ਦਾ ਅਨੰਦ ਮਾਣਿਆ।

Advertisements

LEAVE A REPLY

Please enter your comment!
Please enter your name here