ਲੋਕਾਂ ਦੇ ਘਰਾਂ ਨੇੜੇ ਹੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਪੁਗਾਈ: ਅਜੀਤਪਾਲ ਕੋਹਲੀ

ਪਟਿਆਲਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਨਿਵਾਸੀਆਂ ਨੂੰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਸਰਕਾਰੀ ਸਹੂਲਤਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਦੀ ਕੀਤੀ ਗਈ ਵਚਨਬੱਧਤਾ ਨੂੰ ਪੂਰੀ ਤਰ੍ਹਾਂ ਨਿਭਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਅੱਜ ਇਥੇ ਸਰਕਾਰੀ ਗਰਲਜ਼ ਸਕੂਲ 32 ਨੰਬਰ ਅਨਰਦਾਨਾਂ ਚੌਂਕ ਵਿਖੇ ਲਗਾਏ ਗਏ ਜਨ ਸੁਵਿਧਾ ਕੈਂਪ ਮੌਕੇ ਕੀਤਾ।
ਇਸ ਕੈਂਪ ਦਾ ਨਿਰੀਖਣ ਕਰਦਿਆਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਕਿਹਾ ਕਿ ਸ਼ਹਿਰੀ ਹਲਕੇ ਦੇ ਹਰ ਇਲਾਕੇ ਦੀ ਮੰਗ ਨੂੰ ਭਾਂਪਦਿਆਂ ਹਰ ਸਰਕਾਰੀ ਸਹੂਲਤ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਉਨ੍ਹਾਂ ਦੀ ਟੀਮ ਪਟਿਆਲਾ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਅਜਿਹੇ ਜਨ ਸੁਵਿਧਾ ਕੈਂਪ ਲਗਾਤਾਰ ਸ਼ਹਿਰ ਅੰਦਰ ਲਗਾਏ ਜਾ ਰਹੇ ਹਨ। ਅਜੀਤਪਾਲ ਕੋਹਲੀ ਨੇ ਦੱਸਿਆ ਕਿ ਇਸ ਜਨ ਸੁਵਿਧਾ ਕੈਂਪ ਵਿੱਚ ਪੰਜਾਬ ਸਰਕਾਰ ਦੇ ਲਗਭੱਗ 20 ਮਹਿਕਮੇ ਹਾਜ਼ਰ ਰਹੇ। ਇਹਨਾਂ ਅਧੀਨ ਆਉਣ ਵਾਲੇ ਮਸਲੇ ਨਿਪਟਾਉਣ ਸਮੇਤ ਸਰਕਾਰੀ ਸਕੀਮਾਂ ਦੇ ਲਾਭ ਲੋਕਾਂ ਨੂੰ ਪ੍ਰਦਾਨ ਕਰਵਾਉਣ ਲਈ ਬਣਦੀ ਕਾਰਵਾਈ ਮੌਕੇ ਉਪਰ ਹੀ ਕੀਤੀ ਗਈ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਪ੍ਰੀ/ਪੋਸਟ ਮੈਟ੍ਰਿਕ ਅਤੇ ਹੋਰ ਵਜੀਫੇ, ਸ਼ਗਨ ਸਕੀਮ, ਬੁਢਾਪਾ, ਵਿਧਵਾ, ਅਨਾਥ, ਅਪਾਹਜ ਪੈਨਸ਼ਨ ਤੋਂ ਇਲਾਵਾ ਜਲ ਸਪਲਾਈ ਵਿਭਾਗ ਵਲੋਂ ਪੀਣ ਦੇ ਪਾਣੀ ਦੀ ਸਮੱਸਿਆ, ਨਵੇਂ ਕਨੈਕਸ਼ਨ, ਪਖਾਨੇ, ਮਿਉਂਸਪਲ ਕਾਰਪੋਰੇਸ਼ਨ ਵਲੋਂ ਸੜਕ, ਗਲੀਆਂ, ਨਾਲੀਆਂ, ਸਟਰੀਟ ਲਾਈਟ, ਗੰਦਗੀ, ਸੀਵਰੇਜ, ਬਾਰਿਸ਼ ਦੇ ਪਾਣੀ ਦੀ ਨਿਕਾਸੀ, ਨਜਾਇਜ ਕਬਜ਼ੇ, ਪ੍ਰਾਪਰਟੀ ਟੈਕਸ ਭਰਨਾ ਸਮੇਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਲੇਬਰ ਵਿਭਾਗ, ਲੇਬਰ ਕਾਰਡ, ਸਿਹਤ ਵਿਭਾਗ ਵਲੋਂ ਸਿਹਤ ਜਾਂਚ, ਵੈਕਸੀਨ,ਅਪੰਗਤਾ ਸਰਟੀਫ਼ਿਕੇਟ, ਸਿਹਤ ਬੀਮਾ ਜਦਕਿ ਰੋਜ਼ਗਾਰ ਦੇ ਮੌਕਿਆਂ ਸੰਬੰਧੀ ਜਾਣਕਾਰੀ ਅਤੇ ਹੁਨਰ ਵਿਕਾਸ ਯੋਜਨਾਵਾਂ ਬਾਰੇ ਸ਼ਿਕਾਇਤਾਂ ਸੁਣੀਆਂ ਗਈਆਂ।
ਇਸੇ ਤਰ੍ਹਾਂ ਮਾਲ ਵਿਭਾਗ ਵਲੋਂ ਫਰਦ ਬਦਰ, ਇੰਤਕਾਲ, ਸਕੂਲ ਵਿਭਾਗ ਸਮੇਤ ਵੱਖ ਵੱਖ ਕਿਸਮ ਦੇ ਸਰਕਾਰੀ ਲੋਨ, ਬੀਮੇ ਆਦਿ ਦੇ ਬਹੁਤੇ ਕੰਮ ਮੌਕੇ ਉਤੇ ਹੀ ਨਿਪਟਾਏ ਗਏ। ਇਸ ਮੌਕੇ ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ, ਵੀਰਪਾਲ ਕੌਰ ਚਹਿਲ, ਜਗਤਾਰ ਸਿੰਘ ਤਾਰੀ, ਸੁਸ਼ੀਲ ਮਿੱਡਾ, ਗੁਰਸ਼ਰਨ ਸਿੰਘ ਸਨੀ, ਗੁਰਦੀਪ ਸਿੰਘ ਰਾਜੂ, ਕਵਲਪ੍ਰੀਤ ਸਿੰਘ ਅਹੂਜਾ ਤੇ ਹਰਸ਼ਪਾਲ ਰਾਹੁਲ ਸਮੇਤ ਹੋਰ ਪਤਵੰਤੇ ਮੌਜੂਦ ਸਨ।

Advertisements

LEAVE A REPLY

Please enter your comment!
Please enter your name here