ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵਲੋਂ ਪੰਜਾਬੀ ਲਾਜ਼ਮੀ ਵਿਸ਼ੇ ਨੂੰ ਹਟਾਉਣ ਦਾ ਵਿਰੋਧ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਨੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਵਲੋਂ ਪੰਜਾਬੀ ਭਾਸ਼ਾ ਲਈ ਲਏ ਮਾਰੂ ਫ਼ੈਸਲੇ ਜਿਸ ਵਿੱਚ ਬੀ.ਏ.ਦੇ ਸਿਲੇਬਸਾਂ ਵਿਚੋਂ ਪੰਜਾਬੀ ਲਾਜ਼ਮੀ ਵਿਸ਼ੇ ਨੂੰ ਹਟਾਉਣਾ ਸ਼ਾਮਲ ਹੈ, ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਸਭਾ ਦੇ ਪ੍ਰਧਾਨ ਮਦਨ ਵੀਰਾ ਅਤੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਇਹ ਸਰਾਸਰ ਪੰਜਾਬ ਰਾਜ ਭਾਸ਼ਾ ਐਕਟ 2008 ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਤੇ ਚੰਡੀਗੜ੍ਹ ਅਕਾਸ਼ਵਾਣੀ ਵਿਚੋਂ ਪੰਜਾਬੀ ਖ਼ਬਰਾਂ ਦਾ ਬੁਲੇਟਿਨ ਹਟਾ ਦਿੱਤਾ ਗਿਆ ਜਿਹੜਾ ਕਿ 1947 ਦੀ ਵੰਡ ਪਿੱਛੋਂ ਚਲਦਾ ਆ ਰਿਹਾ ਸੀ।

Advertisements

ਇਵੇਂ ਲਗਦਾ ਹੈ ਜਿਵੇਂ ਇਹ ਸਾਰਾ ਵਰਤਾਰਾ ਕਿਸੇ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਭਾਸ਼ਾ ਅਤੇ ਸਭਿਆਚਾਰ ਨੂੰ ਲਗਾਤਾਰ ਢਾਅ ਲਾ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਜੜ੍ਹਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਤੇ ਇਸਦੀ ਅਮੀਰ ਵਿਰਾਸਤ ਨੂੰ ਮੋਹ ਕਰਨ ਵਾਲੇ ਹਰ ਸੰਵੇਦਨਸ਼ੀਲ ਵਿਅਕਤੀ ਦੀ ਰੂਹ ਛੱਲਣੀ ਹੋਈ ਹੈ। ਦੁਨੀਆ ਦੀਆਂ ਤਮਾਮ ਭਾਸ਼ਾਵਾਂ ਦੀ ਲੜੀ ਵਿੱਚ ਦਸਵਾਂ ਸਥਾਨ ਗ੍ਰਹਿਣ ਕਰਨ ਵਾਲੀ ਪੰਜਾਬੀ ਭਾਸ਼ਾ ਅਤੇ ਇਸਦੇ ਜਾਇਆਂ ਨੇ ਸੰਸਾਰ ਪੱਧਰ ਤੇ ਮੱਲਾਂ ਮਾਰੀਆਂ ਹਨ। ਦੇਸ਼ ਤੇ ਬਣੀ ਹਰ ਭੀੜ ਨੂੰ ਆਪਣੀ ਹਿੱਕੜੀ ਤੇ ਸਹਿਆ ਹੈ। ਅੱਜ ਉਸੇ ਭਾਸ਼ਾ ਦੇ ਮੌਲਦੇ ਰੁੱਖਾਂ ਦੀਆਂ ਟਾਹਣੀਆਂ ਛਾਂਗਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਹਾਲਤ ਵਿੱਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਪੰਜਾਬੀ ਲਾਜ਼ਮੀ ਵਿਸ਼ੇ ਨੂੰ ਹਟਾਉਣ ਦਾ ਵਿਰੋਧ ਕਰਨ ਵਾਲਿਆਂ ਵਿੱਚ ਡਾ. ਕਰਮਜੀਤ ਸਿੰਘ, ਕੁਲਤਾਰ ਸਿੰਘ ਕੁਲਤਾਰ, ਜਸਬੀਰ ਸਿੰਘ ਧੀਮਾਨ, ਡਾ. ਮਨਮੋਹਨ ਸਿੰਘ ਤੀਰ, ਤ੍ਰਿਪਤਾ ਕੇ.ਸਿੰਘ, ਸੁਰਿੰਦਰ ਸਿੰਘ ਕੰਗਵੀਂ, ਸਤੀਸ਼ ਕੁਮਾਰ, ਡਾ. ਸੁਖਦੇਵ ਸਿੰਘ ਢਿੱਲੋਂ, ਡਾ. ਅਵਤਾਰ ਸਿੰਘ ਓਠੀ, ਪ੍ਰਿੰ. ਸਤਵੰਤ ਕਲੋਟੀ, ਦਰਸ਼ਨ ਸਿੰਘ ਦਰਸ਼ਨ, ਡਾ. ਸਰਦੂਲ ਸਿੰਘ, ਪ੍ਰਿੰ. ਗੁਰਦਿਆਲ ਸਿੰਘ ਫੁੱਲ, ਡਾ. ਅਜੀਤ ਸਿੰਘ ਜੱਬਲ, ਹਰਦਿਆਲ ਹੁਸ਼ਿਆਰਪੁਰੀ, ਲਖਵਿੰਦਰ ਰਾਮ, ਮਹਿੰਦਰ ਦੀਵਾਨਾ, ਡਾ. ਸ਼ਮਸ਼ੇਰ ਮੋਹੀ, ਸੀਤਾ ਰਾਮ ਬਾਂਸਲ, ਸੋਮਦੱਤ ਦਿਲਗੀਰ, ਸੁਰਿੰਦਰ ਸੱਲ੍ਹਣ ਆਦਿ ਸਾਹਿਤਕਾਰ ਹਾਜ਼ਰ ਸਨ।

LEAVE A REPLY

Please enter your comment!
Please enter your name here