ਸਵੈ ਰੁਜ਼ਗਾਰ ਲਈ ਸਰਕਾਰੀ ਸਹੂਲਤਾਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਵਰਦਾਨ: ਪ੍ਰੋ. ਬਹਾਦਰ ਸੁਨੇਤ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਤਰਸਯੋਗ ਹਾਲਤ ਵਿੱਚ  ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਪ੍ਰੀਤ ਨਗਰ ਵਿਖੇ ਰਹਿ ਰਹੇ ਪਰਿਵਾਰਾਂ ਦੀ ਤਰੱਕੀ, ਉਨਤੀ ਅਤੇ ਖੁਸ਼ਹਾਲੀ ਲਈ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰਸਟ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਇਥੋਂ ਦੇ ਹਰ ਪਰਿਵਾਰ ਨੂੰ ਵਿਦਿਆ ਪ੍ਰਾਪਤੀ ਅਤੇ ਰੋਜ਼ਗਾਰ ਨਾਲ ਜੋੜਿਆ ਜਾ ਸਕੇ।

Advertisements

ਇਸ ਸਬੰਧੀ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਉਦਮੀ ਜਾਗਰੂਕਤਾ ਕੈਂਪ ਗੁਰਦੁਆਰਾ ਭਾਈ ਬਚਿੱਤਰ ਸਿੰਘ ਜੀ, ਪ੍ਰੀਤ ਨਗਰ ਵਿਖੇ ਲਗਾਇਆ ਗਿਆ ਜਿਸ ਵਿੱਚ ਸੰਸਥਾ ਦੇ ਡਾਇਰੈਕਟਰ ਰਜਿੰਦਰ ਕੁਮਾਰ ਭਾਟੀਆ ਵੱਲੋਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ 18 ਸਾਲ ਤੋਂ 45 ਸਾਲ ਦੇ ਘੱਟ ਪੜ੍ਹੇ ਲਿਖੇ ਵਿਅਕਤੀਆਂ ਲਈ ਘੱਟ ਸਮੇਂ ਦੇ ਕਿੱਤਾ ਮੁਖੀ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ ਅਤੇ ਚਾਹਵਾਨ ਉਦਮੀਆਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਬੈਂਕਾਂ ਤੋਂ ਕਰਜ਼ੇ ਦੀ ਸਹੂਲਤ ਦਵਾਉਣ ਲਈ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ।

ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰਸਟ ਦੇ ਪ੍ਰਧਾਨ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਟਰਸਟ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਸਵੈ ਰੁਜ਼ਗਾਰ ਲਈ ਸਰਕਾਰੀ ਸਹੂਲਤਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਆਈ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਹਰ ਲੋੜਵੰਦ ਵਿਅਕਤੀ ਇਨ੍ਹਾਂ ਸਕੀਮਾਂ ਦਾ ਲਾਭ ਉਠਾ ਕੇ ਆਪਣੇ ਜੀਵਨ ਵਿੱਚ ਅੱਗੇ ਵਧ ਸਕੇ, ਉਨ੍ਹਾਂ ਕਿਹਾ ਕਿ ਇਹ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਵਰਦਾਨ ਸਾਬਿਤ ਹੋ ਸਕਦੀਆਂ ਹਨ। ਇਸ ਮੌਕੇ ਤੇ  ਮੈਡਮ ਸਾਕਸ਼ੀ, ਰਜਿੰਦਰ ਸਿੰਘ, ਪ੍ਰਧਾਨ ਸਿੰਘ, ਸੁਮਨ ਬਹਿਲ, ਕਮਲ ਜੀਤ ਬਹਿਲ, ਜਰਨੈਲ ਸਿੰਘ, ਰਾਮ ਸਿੰਘ, ਰਾਮ ਕਲੀ, ਜਸਬੀਰ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

LEAVE A REPLY

Please enter your comment!
Please enter your name here