ਸੂਬਾ ਪੱਧਰੀ ਰੈਲੀ ਕਰਕੇ ਵਿਧਾਇਕ ਦਿਨੇਸ਼ ਚੱਢਾ ਦੇ ਘਰ ਬਾਹਰ ਫੂਕਿਆ ਜਾਵੇਗਾ ਪੁਤਲਾ:ਨੰਗਲ/ਚੀਮਾ

ਕਪੂਰਥਲਾ (ਦ ਸਟੈਲਰ ਨਿਊਜ਼)-ਗੌਰਵ ਮੜੀਆ । ਤੇਜਿੰਦਰ ਸਿੰਘ ਨੰਗਲ ਸੂਬਾ ਪ੍ਰਧਾਨ, ਨਰਿੰਦਰ ਸਿੰਘ ਚੀਮਾ ਸੂਬਾ ਜਨਰਲ ਸਕੱਤਰ, ਕਰਵਿੰਦਰ ਸਿੰਘ ਚੀਮਾ ਵਿਤ ਸਕੱਤਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਵੱਲੋਂ ਆਪਣੇ ਵਲੰਟੀਅਰਾਂ ਨੂੰ ਨਾਲ ਲੈ ਕੇ ਮਿਤੀ 18-07-2023 ਨੂੰ ਤਹਿਸੀਲ ਦਫਤਰ ਰੂਪਨਗਰ ਜਾ ਕੇ ਤਹਿਸੀਲ ਵਿੱਚ ਤੈਨਾਤ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਕੇ ਦਫ਼ਤਰ ਦੇ ਕੰਮ ਵਿੱਚ ਰੁਕਾਵਟ ਪਾਈ ਗਈ ਅਤੇ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਕਰਮਚਾਰੀ ਨੂੰ ਫ਼ੋਨ ਕਰਕੇ ਸਰਕਾਰੀ ਦਫ਼ਤਰੀ ਰਿਕਾਰਡ ਆਪਣੇ ਦਫ਼ਤਰ ਮੰਗਵਾਇਆ ਗਿਆ। ਜਦ ਕੇ ਵਿਧਾਇਕ ਨੂੰ ਸਰਕਾਰੀ ਦਫਤਰੀ ਰਿਕਾਰਡ ਸਰਕਾਰੀ ਕਰਮਚਾਰੀ ਰਾਹੀਂ ਆਪਣੇ ਦਫ਼ਤਰ ਮੰਗਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਨਾਲ ਹੀ ਕਰਮਚਾਰੀਆਂ ਤੇ ਬਿਨਾ ਕਿਸੇ ਸਬੂਤਾਂ ਦੇ ਕੁਰੱਪਸ਼ਨ ਦੇ ਇਲਜ਼ਾਮ ਲਗਾ ਕੇ ਸੋਸ਼ਲ ਮੀਡੀਆ ਤੇ ਲਾਈਵ ਕਰਨ ਨਾਲ ਕਰਮਚਾਰੀਆਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਇਆ ਹੈ।

Advertisements

ਹਲਕਾ ਵਿਧਾਇਕ ਵੱਲੋਂ ਕੀਤੇ ਅਜਿਹੇ ਵਤੀਰੇ ਵਿਰੁੱਧ DC ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਫ਼ੈਸਲਾ ਲਿਆ ਹੈ ਕੇ ਰੂਪਨਗਰ ਡਵੀਜ਼ਨ ਵਿੱਚ ਪੈਂਦੇ ਜਿਲੇ ਰੂਪਨਗਰ, ਮੋਹਾਲੀ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ DC ਦਫਤਰਾਂ ਅਤੇ ਇਹਨਾਂ ਅਧੀਨ ਪੈਂਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਸਮੂਹ ਕਰਮਚਾਰੀ ਮਿਤੀ 24, 25 ਅਤੇ 26-07-2023 ਤਿੰਨ ਦਿਨ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਣਗੇ ਅਤੇ ਹੜਤਾਲ ਦੇ ਤੀਜੇ ਦਿਨ ਮਿਤੀ 26-07-2023 ਨੂੰ DC ਦਫ਼ਤਰ ਰੂਪਨਗਰ ਦੇ ਬਾਹਰ ਸੂਬਾ ਪੱਧਰੀ ਇਕੱਠ ਕਰਕੇ ਰੂਪਨਗਰ ਸ਼ਹਿਰ ਦੇ ਵੱਖ-ਵੱਖ ਚੌਂਕਾ ਵਿੱਚੋਂ ਲੰਘਦੇ ਹੋਏ ਹਲਕਾ ਵਿਧਾਇਕ ਦੇ ਘਰ ਦੇ ਬਾਹਰ ਹਲਕਾ ਵਿਧਾਇਕ ਦਾ ਪੁਤਲਾ ਫੂਕਿਆ ਜਾਵੇਗਾ।

ਜੇਕਰ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਨੇ ਜਨਤਕ ਹੋ ਕੇ ਮਾਫ਼ੀ ਨਾ ਮੰਗੀ ਤਾਂ ਰੈਲੀ ਕਰਕੇ ਪੁਤਲਾ ਫੂਕਣ ਤੋਂ ਬਾਅਦ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਓਥੇ ਹੀ ਕੀਤਾ ਜਾਵੇਗਾ। ਹੜਤਾਲ ਦੌਰਾਨ ਰੂਪਨਗਰ ਡਵੀਜ਼ਨ ਵਿੱਚ ਪੈਂਦੇ ਜਿਲਿਆਂ ਦੇ ਲੋਕਾਂ ਨੂੰ ਦਫ਼ਤਰੀ ਕੰਮਾਂ ਵਿੱਚ ਹੋਣ ਵਾਲੀ ਪ੍ਰੇਸ਼ਾਨੀ ਦੀ ਸਾਰੀ ਜ਼ਿੰਮੇਵਾਰੀ ਹਲਕਾ ਵਿਧਾਇਕ ਰੂਪਨਗਰ ਦੀ ਹੋਵੇਗੀ। ਇਸ ਸੰਘਰਸ਼ ਦੌਰਾਨ ਸੋਮਵਾਰ ਨੂੰ DC ਦਫ਼ਤਰ ਰੂਪਨਗਰ ਵਿਖੇ ਵਿਧਾਇਕ ਦੇ ਖਿਲਾਫ਼ ਲਗਾਏ ਗਏ ਧਰਨੇ ਵਿੱਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਅਤੇ DC ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਵੀ DC ਦਫ਼ਤਰ ਰੂਪਨਗਰ ਵਿਖੇ ਪਹੁੰਚਣਗੇ।

LEAVE A REPLY

Please enter your comment!
Please enter your name here