ਮੁਹੰਮਦ ਰਫ਼ੀ ਦੀ ਬਰਸੀ ਮੌਕੇ ਚੈਰੀਟੇਬਲ ਸੁਸਾਇਟੀ ਵੱਲੋਂ ਕਰਵਾਇਆ ਗਿਆ ਸੰਗੀਤਕ ਤੇ ਸੱਭਿਆਚਾਰਕ ਸਮਾਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸੰਗੀਤਕ ਦੁਨੀਆ ਦੇ ਸਦਾਬਹਾਰ ਤੇ ਦਰਵੇਸ਼ ਫ਼ਨਕਾਰ ਮੁਹੰਮਦ ਰਫ਼ੀ ਦੀ 43 ਵੀਂ ਬਰਸੀ ਮੌਕੇ ਮੁਹੰਮਦ ਰਫ਼ੀ ਕਲਚਰਲ ’ਤੇ ਚੈਰੀਟੇਬਲ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਪਲੇ ਵੇਅ ਮਾਡਲ ਸਕੂਲ ਦੇ ਸਹਿਯੋਗ ਨਾਲ ਸੰਗੀਤਕ ਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕੀਤੀ ਜਦਕਿ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਸਿਰਕੱਢ ਕਲਾਕਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗੀਤ ਪ੍ਰੇਮੀਆਂ, ਬੁੱਧੀਜੀਵੀਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਹੁੰਮ-ਹੁੰਮਾ ਕੇ ਸ਼ਿਰਕਤ ਕੀਤੀ।

Advertisements

ਮੁਹੰਮਦ ਰਫ਼ੀ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਸਮੇਤ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਨੇ ਮੁਹੰਮਦ ਰਫ਼ੀ ਦੀ ਫੋਟੋ ’ਤੇ ਫੁੱਲ ਅਰਪਣ ਕਰਕੇ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮਹਿਮਾਨ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ ਨੇ ਸੁਸਾਇਟੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸੰਗੀਤਕ ਜਗਤ ਦੇ ਸਿਰਮੌਰ ਫ਼ਲਕਾਰ ਅਤੇ ‘ਸਿੰਬਲ ਆਫ ਮਿਊਜ਼ਿਕ’ ਮੁਹੰਮਦ ਰਫ਼ੀ ਨੇ ਆਪਣੀ ਮਧੁਰ ਆਵਾਜ਼ ਨਾਲ ਸਰਬਪੱਖੀ ਸੰਗੀਤ ਦੀਆਂ ਬੁਲੰਦੀਆਂ ਸਥਾਪਿਤ ਕਰਕੇ ਪੂਰੀ ਦੁਨੀਆ ਨੂੰ ਨਾਯਾਬ ਸੰਗੀਤ ਖ਼ਜਾਨਾ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣਾ ਹੈ ਕਿ ਪੰਜਾਬ ਦੇ ਜੰਮ-ਪਲ ਮੁਹੰਮਦ ਰਫ਼ੀ ਨੇ ਬੇਮਿਸਾਲ ਫ਼ਨਕਾਰੀ ਨਾਲ ਪੰਜਾਬ ਤੇ ਦੇਸ਼ ਦਾ ਨਾਮ ਦੁਨੀਆ ਵਿਚ ਬੁਲੰਦ ਕੀਤਾ।

ਉਨ੍ਹਾਂ ਕਿਹਾ ਕਿ ਮੁਹੰਮਦ ਰਫ਼ੀ ਇਕ ਨੇਕ ਅਤੇ ਮੁਕੰਮਲ ਇਨਸਾਨ ਦੇ ਤੌਰ ’ਤੇ ਵੀ ਦੁਨੀਆ ਲਈ ਪ੍ਰੇਰਣਾ ਬਣੇ ਰਹਿਣਗੇ। ਇਸ ਮੌਕੇ ਜ਼ਿਲ੍ਰਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ ਨੇ ਵੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਲਾਕਾਰਾਂ ਲਈ ਮੁਹੰਮਦ ਰਫ਼ੀ ਸੰਗੀਤ ਦਾ ਇਕ ਕੀਮਤੀ ਮਹਾਂਕੋਸ਼ ਸਾਬਿਤ ਹੋਏ ਹਨ ਤੇ ਉਹ ਸੰਗੀਤ ਦਾ ਚਾਨਣ ਮੁਨਾਰਾ ਹਨ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਸੁਸਾਇਟੀ ਦੀਆਂ ਸੰਗੀਤਕ ਤੇ ਸੱਭਿਆਚਰਕ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸੁਸਾਇਟੀ ਦੇ ਸੰਸਥਾਪਕ ਗੁਲਜ਼ਾਰ ਸਿੰਘ ਕਾਲਕਟ ਨੇ ਮੁਹੰਮਦ ਰਫ਼ੀ ਦੇ ਸੰਗੀਤ ਸਫ਼ਰ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਬੰਧਕ ਡਾ. ਹਰਜਿੰਦਰ ਸਿੰਘ ਓਬਰਾਏ ਨੇ ਸਟੇਜ ਸਕੱਤਰ ਦੀ ਕਾਰਵਾਈ ਬਾਖੂਬੀ ਨਿਭਾਈ ਅਤੇ ਉਨ੍ਰਾਂ ਮੁਹੰਮਦ ਰਫ਼ੀ ਦੀ ਸੰਪੂਰਨ ਜੀਵਨੀ ਅਤੇ ਸਫ਼ਲ ਸੰਗੀਤਕ ਸਫ਼ਰ ਬਾਰੇ ਚਾਨਣਾ ਪਾਇਆ।

ਸ਼ਾਨਦਾਰ ਤੇ ਖਿੱਚ-ਭਰਪੂਰ ਸੰਗੀਤਕ ਪ੍ਰੋਗਰਾਮ ਦੌਰਾਨ ਰਫ਼ੀ ਸੁਸਾਇਟੀ ਦੇ ਮਿਊਜ਼ਕ ਡਾਇਰੈਕਟਰ ਪ੍ਰੋ. ਹਰਜਿੰਦਰ ਅਮਨ, ਪ੍ਰੋ. ਬਲਰਾਜ, ਬੀਬਾ ਡੇਜ਼ੀ ਰਾਏ, ਨਰਿੰਦਰ ਪੁਖ਼ਰਾਜ, ਜੀ. ਐਸ. ਕਾਲਕਟ, ਡਾ. ਅਸ਼ੋਕ ਸੁਮਨ, ਕਾਕਾ ਅਜੈ ਰਾਮ, ਸੁਖਦੇਵ ਸਿੰਘ, ਡਾ. ਓਬਰਾਏ ਆਦਿ ਕਲਾਕਾਰਾਂ ਨੇ ਮੁਹੰਮਦ ਰਫ਼ੀ ਦੇ ਅਨਮੋਲ ਨਗਮੇ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਲਿਆ। ਮੁੱਖ ਮਹਿਮਾਨ ਵੱਲੋਂ ਕਲਾਕਾਰਾਂ ਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਐਸ. ਐਮ. ਓ ਡਾ. ਮਨੋਹਰ ਲਾਲ ਜੌਲੀ, ਸਹਾਹਿਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਪ੍ਰਿੰਸੀਪਲ ਅਮਰਜੀਤ, ਐਡਵੋਕੇਟ ਜਸਪਾਲ ਸਿੰਘ, ਕੁਲਵੰਤ ਸਿੰਘ, ਸੁਖਚੈਨ ਰਾਏ, ਪ੍ਰੋ. ਪੰਕਜ ਸ਼ਰਮਾ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਉਪ ਪ੍ਰਧਾਨ ਹੰਸ ਰਾਜ, ਡਾ. ਤੀਰਥ ਸਿੰਘ, ਜੇ. ਐਸ ਸੋਹਲ ਤੇ ਹੋਰ ਪਤਵੰਤੇ ਹਾਜ਼ਰ ਸਨ।  

LEAVE A REPLY

Please enter your comment!
Please enter your name here