ਉੜਮੁੜ ’ਚ ਬੇਗੋਵਾਲ-ਮਿਆਣੀ ਸੜਕ ਦੀ ਹੋਵੇਗੀ 8 ਕਰੋੜ ਨਾਲ ਸਪੈਸ਼ਲ ਰਿਪੇਅਰ: ਈਟੀਓ ਹਰਭਜਨ ਸਿੰਘ

ਟਾਂਡਾ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਨੂੰ ਮਜ਼ਬੂਤ ਕਰਨ ਦੀ ਕਵਾਇਦ ਜਾਰੀ ਹੈ। ਉਨ੍ਹਾਂ ਕਿਹਾ ਕਿ ਜਿਥੇ ਨਵੀਆਂ ਸੜਕਾਂ ਬਣਨੀਆਂ ਹਨ, ਉਥੇ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਜਿਸ ਸੜਕ ਦੀ ਮੁਰੰਮਤ ਦੀ ਲੋੜ ਹੈ, ਉਥੇ ਮੁਰੰਮਤ ਕਰਵਾਈ ਜਾ ਰਹੀ ਹੈ। ਉਹ ਅੱਜ ਵਿਧਾਨ ਸਭਾ ਹਲਕਾ ਉੜਮੁੜ ਵਿਚ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੀ ਮੌਜੂਦਗੀ ਵਿਚ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬੇਗੋਵਾਲ-ਮਿਆਣੀ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Advertisements

ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਬੋਗੋਵਾਲ-ਮਿਆਣੀ ਸੜਕ ਦੀ ਲੰਬਾਈ 7.45 ਕਿਲੋਮੀਟਰ ਤੇ ਚੌੜਾਈ 7 ਮੀਟਰ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੇਟ ਹਲਕੇ ਦੀ ਮਹੱਤਵਪੂਰਨ ਸੜਕ ਹੈ, ਜੋ ਕਿ ਮੁਕੇਰੀਆਂ, ਦਸੂਹਾ ਤੇ ਟਾਂਡਾ ਹਲਕੇ ਨੂੰ ਕਪੂਰਥਲਾ ਤੇ ਜਲੰਧਰ ਜ਼ਿਲ੍ਹੇ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਪਿਛਲੀ ਰਿਪੇਅਰ ਜੂਨ 2014 ਦੌਰਾਨ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਇਸ ਦੀ ਸਾਰ ਨਹੀਂ ਲਈ ਸੀ, ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਉਨ੍ਹਾਂ ਦੇ ਧਿਆਨ ਵਿਚ ਇਸ ਸੜਕ ਦੇ ਨਿਰਮਾਣ ਦੀ ਗੱਲ ਲਿਆਂਦੀ ਗਈ ਅਤੇ ਇਸ ਦੇ ਨਿਰਮਾਣ ਕਾਰਜ ਨੂੰ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ।

ਉਨ੍ਹਾਂ ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲਦ ਤੋਂ ਜਲਦ ਇਸ ਸੜਕ ਦਾ ਨਿਰਮਾਣ ਕਾਰਜ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਕਾਰਜ ਵਿਚ ਕਿਸੇ ਤਰ੍ਹਾਂ ਦੀ ਕੁਤਾਹੀ ਤੇ ਕੁਆਲਟੀ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਰਵਿੰਦਰ ਸਿੰਘ ਮਾਰਸ਼ਲ, ਜਸਵੰਤ ਸਿੰਘ ਬਿੱਟੂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

LEAVE A REPLY

Please enter your comment!
Please enter your name here