80 ਏਕੜ ਜ਼ਮੀਨ ‘ਚ ਬੇਲਰ ਨਾਲ ਪਰਾਲੀ ਦੀਆਂ ਗੰਢਾਂ ਬਣਵਾਈਆਂ: ਅਮਰਜੀਤ ਸਿੰਘ

ਪਟਿਆਲਾ (ਦ ਸਟੈਲਰ ਨਿਊਜ਼): ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਕਿਸਾਨ ਪੂਰੀ ਤਰ੍ਹਾਂ ਸੁਚੇਤ ਹੋ ਗਏ ਹਨ, ਜਿਸ ਦੀ ਮਿਸਾਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਪੂਨੀਆ ਖਾਨਾ ਦੇ ਕਿਸਾਨ ਅਮਰਜੀਤ ਸਿੰਘ ਹਨ, ਜੋ ਆਪਣੀ 80 ਏਕੜ ਜ਼ਮੀਨ ਵਿੱਚ ਬਿਨ੍ਹਾਂ ਅੱਗ ਲਗਾਏ ਪਰਾਲੀ ਦਾ ਨਿਪਟਾਰਾ ਬੇਲਰ ਨਾਲ ਗੰਢਾਂ ਬਣਾਕੇ ਕਰ ਰਹੇ ਹਨ। ਆਪਣਾ ਖੇਤੀ ਤਜਰਬਾ ਸਾਂਝਾ ਕਰਦਿਆਂ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ 60 ਏਕੜ ਆਪਣੀ ਅਤੇ 20 ਏਕੜ ਠੇਕੇ ‘ਤੇ ਜ਼ਮੀਨ ਹੈ, ਜਿਸ ‘ਤੇ ਉਨ੍ਹਾਂ ਪਿਛਲੇ ਚਾਰ ਸਾਲਾਂ ਦੌਰਾਨ ਕਦੇ ਅੱਗ ਨਹੀਂ ਲਗਾਈ ਸਗੋਂ ਬੇਲਰ ਦੀ ਮਦਦ ਨਾਲ ਗੰਢਾਂ ਬਣਵਾਈਆਂ ਹਨ, ਜਿਸ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਤੁਰੰਤ ਖੇਤ ਖਾਲੀ ਹੋ ਜਾਂਦੇ ਹਨ।

Advertisements


ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋ ਪੁੱਤਰਾਂ ਸਤਵੰਤ ਸਿੰਘ ਅਤੇ ਧਨਵੰਤ ਸਿੰਘ ਨਾਲ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਚਾਰ ਸਾਲ ਤੋਂ ਸਫਲਤਾਪੂਰਵਕ ਖੇਤੀ ਕਰ ਰਹੇ ਹਨ ਤੇ ਇਸ ਵਾਰ ਝੋਨੇ ਦੀ ਪੀ.ਆਰ. 126 ਕਿਸਮ ਲਗਾਈ ਸੀ, ਜਿਸ ਦਾ ਪ੍ਰਤੀ ਏਕੜ 7 ਕੁਆਇੰਟ ਝਾੜ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਅੱਗ ਨਾ ਲਗਾਉਣ ਨਾਲ ਜਿਥੇ ਖਾਦਾਂ ਦੀ ਵਰਤੋਂ ‘ਚ ਕਮੀ ਆਈ ਹੈ, ਉਥੇ ਹੀ ਝਾੜ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਗੰਢਾਂ ਬਣਾਉਣ ਦੇ ਆਪਣੇ ਤਜਰਬੇ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਪਿਛਲੇ ਚਾਰ ਸਾਲਾਂ ਦੌਰਾਨ ਬੇਲਰ ਰਾਹੀ ਗੰਢਾਂ ਬਣਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।

ਉਨ੍ਹਾਂ ਕਿਹਾ ਕਿ ਪਰਾਲੀ ਊਰਜਾ ਦਾ ਚੰਗਾ ਸਰੋਤ ਹੈ ਅਤੇ ਇਸ ਦੀ ਵਰਤੋਂ ਇੰਡਸਟਰੀ ਵਿੱਚ ਆਸਾਨੀ ਨਾਲ ਹੋ ਸਕਦੀ ਹੈ ਜਿਸ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋਣੋ ਬਚਦਾ ਹੈ ਨਾਲ ਹੀ ਖੇਤ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਇੰਡਸਟਰੀ ਨੂੰ ਵੀ ਆਸਾਨੀ ਨਾਲ ਬਾਲਣ ਉਪਲਬੱਧ ਹੋ ਜਾਂਦਾ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਦੀਆਂ ਗੰਢਾਂ ਬਣਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਨਾ ਸਿਰਫ਼ ਅਸੀਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਾਂ ਸਗੋਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਰਹਿਣ ਲਈ ਸੁਰੱਖਿਅਤ ਵਾਤਾਵਰਣ ਦੇਣ ‘ਚ ਯੋਗਦਾਨ ਪਾਵਾਂਗੇ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਹੋਰਨਾ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ ਅਤੇ ਅਜਿਹੇ ਕਿਸਾਨਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here