ਦੁਨੀਆਂ ਭਰ ‘ਚ ਮਸ਼ਹੂਰ ਹੁਸ਼ਿਆਰਪੁਰ ਦੇ ਦੁਸਹਿਰੇ ਦਾ ਹਿੱਸਾ ਬਣਨਾ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ: ਸੀਐੱਮ ਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ ਇੰਦਰਜੀਤ ਹੀਰਾ। ਦੁਆਬੇ ਦੇ ਮਸ਼ਹੂਰ ਦੁਸਹਿਰਾ ਜਿਲਾ ਹੁਸ਼ਿਆਰਪੁਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ‘ਤੇ ਸੂਬੇ ‘ਚੋਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇੱਥੇ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਮਨਾਏ ਗਏ ਦੁਸਹਿਰੇ ਦੇ ਤਿਉਹਾਰ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਹੁਸ਼ਿਆਰਪੁਰ ਵਿਖੇ ਇਸ ਤਿਉਹਾਰ ਨੂੰ ਮਨਾਉਣ ਲਈ ਇੱਥੇ ਡੇਢ ਲੱਖ ਤੋਂ ਵੱਧ ਲੋਕ ਇਕੱਠੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਿਉਹਾਰ ਨੂੰ ਹੋਰ ਵੱਡੇ ਪੱਧਰ ‘ਤੇ ਮਨਾਉਣ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਦੁਸਹਿਰਾ ਗਰਾਊਂਡ ਵਜੋਂ ਜਾਣੇ ਜਾਂਦੇ ਸਥਾਨ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੱਡਾ ਬਣਾਉਣਾ ਚਾਹੀਦਾ ਹੈ, ਜਿਸ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਰਨ ਲਈ ਠੋਸ ਉਪਰਾਲੇ ਕਰ ਰਹੀ ਹੈ।

Advertisements

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ ਨਿਰਮਾਣ ਅਧੀਨ ਮੈਡੀਕਲ ਕਾਲਜ ਆਉਣ ਵਾਲੇ ਸਾਲ ਤੋਂ ਚਾਲੂ ਹੋ ਜਾਵੇਗਾ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਹੋਰ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ। ਆਪਣੇ ਪਿਛਲੇ ਦਿਨਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਸੁਨਾਮ ਜਾਂਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਹੀਂ, ਸਗੋਂ ਭਗਵਾਨ ਸ੍ਰੀ ਰਾਮ ਦੇ ਨਿਮਾਣੇ ਸ਼ਰਧਾਲੂ ਵਜੋਂ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੇ ਅਸਲ ਮੁੱਖ ਮਹਿਮਾਨ ਭਗਵਾਨ ਰਾਮ ਹਨ, ਜਿਨ੍ਹਾਂ ਨੇ ਯੁੱਗਾਂ ਤੋਂ ਸਮੁੱਚੀ ਮਾਨਵਤਾ ਨੂੰ ਆਸ਼ੀਰਵਾਦ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆਂ ਭਰ ‘ਚ ਮਸ਼ਹੂਰ ਹੁਸ਼ਿਆਰਪੁਰ ਦੇ ਦੁਸਹਿਰੇ ਦਾ ਹਿੱਸਾ ਬਣਨਾ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਦੁਸਹਿਰੇ ਦਾ ਹਿੱਸਾ ਬਣ ਕੇ ਉਹ ਖੁਦ ਨੂੰ ਸੁਭਾਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਹੁਸ਼ਿਆਰਪੁਰ ਸ਼ਹਿਰ ਵਿਚ ਇਕਜੁੱਟ ਹੋ ਕੇ ਲੋਕਾਂ ਵੱਲੋਂ ਇੱਕੋ ਹੀ ਦੁਸਹਿਰਾ ਮਨਾਇਆ ਜਾ ਰਿਹਾ ਹੈ ਜਦਕਿ ਇਹ ਬੜਾ ਮੰਦਭਾਗਾ ਹੈ ਕਿ ਅਜਿਹੀ ਇੱਕਜੁਟਤਾ ਹੋਰ ਸ਼ਹਿਰਾਂ ਵਿੱਚ ਘੱਟ ਹੀ ਦੇਖਣ ਨੂੰ ਮਿਲਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਅਡੋਲ ਰਹਿਣ, ਆਪਣੇ ਗੁੱਸੇ ‘ਤੇ ਕਾਬੂ ਰੱਖਣ ਅਤੇ ਨਫ਼ਰਤ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੇ ਕਾਰਕ ਸਭ ਤੋਂ ਬੁੱਧੀਮਾਨ ਵਿਅਕਤੀ ਲਈ ਵੀ ਪਤਨ ਦਾ ਕਾਰਨ ਬਣਦੇ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਿਉਹਾਰ ਸਾਨੂੰ ਆਪਸੀ ਭਾਈਚਾਰਕ ਸਾਂਝ ਰੱਖਣ ਦਾ ਉਪਦੇਸ਼ ਵੀ ਦਿੰਦੇ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ‘ ਨੇਕੀ ਦੀ ਬਦੀ ‘ ਉੱਤੇ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਸਾਨੂੰ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੀ ਯਾਦ ਦਿਵਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਇਸ ਤਿਉਹਾਰ ਨੂੰ ਮਨਾਉਣ ਦੀ ਪਰੰਪਰਾ ਸਦੀਆਂ ਪੁਰਾਣੀ ਹੈ, ਜੋ ਸਮਾਜ ਵਿੱਚ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਕੇ ਆਦਰਸ਼ ਜੀਵਨ ਜਿਉਣ ਲਈ ਸੇਧ ਦੇਣ ਬਾਰੇ ਮੋਹਰੀ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਖੁਸ਼ੀ ਦੇ ਮੌਕੇ ਨੂੰ ਸੂਬੇ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਖੁਦ ਨੂੰ ਸਮਰਪਿਤ ਕਰਕੇ ਸੁਹਿਰਦਤਾ ਨਾਲ ਤਿਉਹਾਰ ਮਨਾਉਣ। ਇਸ ਮੌਕੇ ਉਹਨਾਂ ਦੇ ਨਾਲ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਹੁਸ਼ਿਆਰਪੁਰ ਹਾਜ਼ਰ ਹੋਏ।

LEAVE A REPLY

Please enter your comment!
Please enter your name here