ਬਜਰੰਗ ਦਲ ਵੱਲੋਂ ਬਜਰੰਗੀ ਦਾ ਸਰੌਪਾ ਪਾ ਕੇ ਕੀਤਾ ਸਨਮਾਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਵਿਰਾਸਤੀ ਸ਼ਹਿਰ ਕਪੂਰਥਲਾ ਤੋਂ ਬਜਰੰਗ ਦਲ ਦੇ ਅਖਾੜਾ ਪ੍ਰਮੁੱਖ ਬਜਰੰਗੀ ਅਯੁੱਧਿਆ ਵਿਖੇ ਸ੍ਰੀ ਰਾਮਲਲਾ ਦੇ ਚਰਨਾਂ ਵਿਚ ਨਤਮਸਤਕ ਹੋਏ ਹਨ। ਬਜਰੰਗੀ ਉਨ੍ਹਾਂ ਕੁਝ ਖਾਸ ਮਹਿਮਾਨਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੇ ਲੰਘੇ ਦਿਨ ਸ੍ਰੀ ਰਾਮ ਜਨਮ ਭੂਮੀ ਤੇ ਸ੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਹਿੱਸਾ ਲਿਆ। ਇਸ ਦੌਰਾਨ ਐਤਵਾਰ ਨੂੰ ਅਯੁੱਧਿਆ ਤੋਂ ਵਾਪਸ ਆਉਣ  ਤੇ ਕਪੂਰਥਲਾ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਵਰਕਰਾਂ ਵਲੋਂ ਬਜਰੰਗੀ ਦਾ ਸਰੌਪਾ ਪਾਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਬਜਰੰਗੀ ਨੇ ਕਿਹਾ ਕਿ ਉਹ ਬਹੁਤ ਹੀ ਕਿਸਮਤ ਵਾਲੇ ਹਨ, ਜਿਨ੍ਹਾਂ ਨੂੰ 500 ਸਾਲਾਂ ਬਾਅਦ ਆਏ ਇਸ ਇਤਿਹਾਸਕ ਦਿਨ ਮੌਕੇ ਭਗਵਾਨ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ਬਜਰੰਗੀ ਨੇ ਵਰਕਰਾਂ ਨਾਲ ਆਪਣਾ ਅਨੁਭਵ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਲਈ ਅਯੁੱਧਿਆ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਸੀ। ਬਜਰੰਗੀ ਨੇ ਕਿਹਾ ਕਿ ਉਸ ਦਿਨ ਲੱਖਾਂ ਲੋਕਾਂ ਵੱਲੋਂ ਉੱਥੇ ਪਹੁੰਚ ਕੇ ਭਗਵਾਨ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਦੇ ਨਾਲ ਹੀ ਬਜਰੰਗੀ ਨੇ ਸੂਬਾ ਵਾਸੀਆਂ ਤੇ ਜਿਲ੍ਹਾ ਵਾਸੀਆਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ।

Advertisements

ਉਨ੍ਹਾਂ ਨੇ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਅਯੁੱਧਿਆ ਵਿਖੇ ਰਾਮ ਮੰਦਰ ਦੇ ਦਰਸ਼ਨ ਕੀਤੇ ਅਤੇ ਬਜਰੰਗ ਦਲ ਆਗੂਆਂ ਲਈ ਭਗਵਾਨ ਰਾਮ ਦਾ ਪ੍ਰਸਾਦ ਹਾਸਿਲ ਕੀਤਾ ਜਿਸਨੂੰ ਬਜਰੰਗ ਦਲ ਆਗੂਆਂ ਵਿਚ ਪਹੁੰਚ ਕੇ ਵੰਡਿਆ ਗਿਆ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਨੇ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਸਾਡੇ ਲਈ ਸਾਰੇ ਧਰਮਾਂ ਦੀ ਸੰਭਾਵਨਾ ਦੀ ਮਿਸਾਲ ਬਣ ਚੁਕਾ ਹੈ। ਖੁਸ਼ੀ ਦੀ ਗੱਲ ਹੈ ਕਿ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਤੇ  ਪ੍ਰੋਗਰਾਮ ਵਿੱਚ ਧਾਰਮਿਕ ਆਗੂ ਅਤੇ ਹੋਰ ਧਰਮਾਂ  ਅਤੇ ਸੰਪਰਦਾਵਾਂ ਦੇ ਪਤਵੰਤੇ ਵੀ ਸ਼ਾਮਲ ਹੋਏ। ਨਰੇਸ਼ ਪੰਡਿਤ ਨੇ ਕਿਹਾ ਹੈ ਕਿ ਰਾਮ ਦੇ ਨਾਮ ਦੇ ਇਨ੍ਹਾਂ ਦੋ ਅੱਖਰਾਂ ਦੀ ਅਥਾਹ ਮਹਿਮਾ ਬਿਆਨ ਕੀਤੀ ਗਈ ਹੈ। ਭਗਵਾਨ ਸ਼੍ਰੀ ਰਾਮ ਨੂੰ ਇਤਿਹਾਸ ਵਿਚ ਪਹਿਲਾ ਪੁਰਸ਼ ਮੰਨਿਆ ਜਾਂਦਾ ਹੈ।ਉਹ ਉੱਤਰ ਅਤੇ ਦੱਖਣ ਨੂੰ ਜੋੜਨ ਵਾਲੇ ਪਹਿਲੇ ਵਿਅਕਤੀ ਸੀ।

ਉਨ੍ਹਾਂ ਨੇ ਗਰੀਬਾਂ,ਦੱਬੇ ਕੁਚਲਿਆਂ ਲੋਕਾਂ ਦੀ ਰੱਖਿਆ ਕੀਤੀ ਅਤੇ ਬੇਇਨਸਾਫ਼ੀ ਦੀਆਂ ਤਾਕਤਾਂ ਨੂੰ ਦਬਾਇਆ। ਨਰੇਸ਼ ਪੰਡਿਤ ਨੇ ਕਿਹਾ ਕਿ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੇ ਨਿਰਮਾਣ ਤੋਂ ਬਾਅਦ ਹੁਣ ਇਹ ਸੋਚਣਾ ਚਾਹੀਦਾ ਹੈ ਕਿ ਭਾਰਤੀ ਸਮਾਜ ਨੂੰ ਵਿਦੇਸ਼ੀ ਹਮਲਾਵਰਾਂ ਦੇ ਜ਼ੁਲਮਾਂ ਅਤੇ ਗੁਲਾਮੀ ਦਾ ਸਾਹਮਣਾ ਕਿਉਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਮੂਹ ਦੇਸ਼ ਨੂੰ ਇਕਜੁੱਟ ਰੱਖਣ ਲਈ ਯਤਨ ਜਾਰੀ ਰਹਿਣੇ ਚਾਹੀਦੇ ਹਨ।ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਮੰਤਰੀ ਓਮ ਪ੍ਰਕਾਸ਼ ਕਟਾਰੀਆ, ਸੀਨੀਅਰ ਆਗੂ ਨਰਾਇਣ ਦਾਸ, ਬਜਰੰਗ ਦਲ ਦੇ ਸੂਬਾਈ ਆਗੂ ਸੰਜੇ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਆਨੰਦ ਯਾਦਵ, ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here