ਭਾਸ਼ਾ ਵਿਭਾਗ ਨੇ ਕਰਵਾਇਆ ਸ਼ਾਨਦਾਰ ਤ੍ਰੈ-ਭਾਸ਼ਾ ਕਵੀ ਦਰਬਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁੱਖਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਪੰਜਾਬ ਯੂਨੀਵਰਸਿਟੀ ਦੇ ਵਿਹੜੇ ਵਿਚ ਤ੍ਰੈ-ਭਾਸ਼ਾ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਐੱਚ.ਐੱਸ.ਬੈਂਸ, ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਅਤੇ ਨਾਮੀ ਲੇਖਕ ਪ੍ਰਿੰ. ਧਰਮਪਾਲ ਸਾਹਿਲ ਨੇ ਕੀਤੀ। ਡਾ. ਬੈਂਸ ਨੇ ਜੀ ਆਇਆਂ ਸ਼ਬਦ ਆਖਦਿਆਂ ਕਿਹਾ ਕਿ ਇੰਜੀਨੀਅਰਿੰਗ ਅਤੇ ਵਕਾਲਤ ਵਰਗੇ ਖੁਸ਼ਕ ਵਿਸ਼ਿਆਂ ਨੂੰ ਤਰਲ ਕਰਨ ਲਈ ਭਾਸ਼ਾ ਵਿਭਾਗ ਨੇ ਸਾਡੇ ਵਿਹੜੇ ਕਾਵਿ ਰਚਨਾਵਾਂ ਵਾਲਾ ਸਮਾਗਮ ਮਿੱਥ ਕੇ ਸੁਭਾਗਾ ਕੰਮ ਕੀਤਾ ਹੈ।

Advertisements

ਪੰਜਾਬੀ, ਹਿੰਦੀ ਅਤੇ ਉਰਦੂ ਜ਼ੁਬਾਨ ਵਿਚ ਆਪਣੇ ਕਲਾਮ ਪੇਸ਼ ਕਰਕੇ ਸ਼ਾਇਰਾਂ ਨੇ ਸਰੋਤਿਆਂ ਤੋਂ ਚੰਗੀ ਵਾਹ-ਵਾਹ ਕਬੂਲੀ। ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕਰਦਿਆਂ ਹਾਜ਼ਰ ਕਵੀਆਂ ਦਾ ਸ਼ਾਇਰਾਨਾ ਅੰਦਾਜ਼ ’ਚ ਤੁਆਰਫ਼ ਕਰਵਾਉਂਦਿਆਂ ਕਿਹਾ ਕਿ ਮੁੱਖ ਕੇਂਦਰ ਪਟਿਆਲਾ ਦੇ ਨਾਲ-ਨਾਲ ਹੁਣ ਹਰ ਸਾਲ ਜ਼ਿਲ੍ਹਾ ਕੇਂਦਰਾਂ ਵਿਖੇ ਵੀ ਤ੍ਰੈ-ਭਾਸ਼ਾ ਕਵੀ ਦਰਬਾਰ ਕਰਵਾਇਆ ਜਾਇਆ ਕਰਨਗੇ। ਇਸ ਨਾਲ ਸਹਿਤਿਕ ਮਾਹੌਲ ਦੇ ਪਸਾਰੇ ਨੂੰ ਹੋਰ ਬਲ ਮਿਲੇਗਾ। ਤ੍ਰੈ-ਭਾਸ਼ਾ ਕਵੀ ਦਰਬਾਰ ਵਿਚ ਮਨੋਜ ਸ਼ਰਮਾ, ਮਦਨ ਵੀਰਾ, ਇੰਦਰਜੀਤ ਨੰਦਨ, ਸੁਰਿੰਦਰ ਕੰਗਵੀ, ਰਬਿੰਦਰ ਸ਼ਰਮਾ, ਡਾ. ਧਰਮਪਾਲ ਸਾਹਿਲ, ਮੀਨਾਕਸ਼ੀ ਮੈਨਨ, ਇੰਦਰਜੀਤ ਚੌਧਰੀ, ਸੁਭਾਸ਼ ਗੁਪਤਾ ਸ਼ਫੀਕ, ਮੁਹੰਮਦ ਏਜਾਜ਼ ਫਾਰੂਕੀ, ਕਮਲ ਨੈਨ ਅਤੇ ਹਰਦਿਆਲ ਹੁਸ਼ਿਆਰਪੁਰੀ ਨੇ ਸ਼ਾਨਦਾਰ ਕਲਾਮਾਂ ਰਾਹੀਂ ਭਰਵੀਂ ਹਾਜ਼ਰੀ ਲੁਆਈ। ਭਾਸ਼ਾ ਵਿਭਾਗ ਵੱਲੋਂ ਡਾਇਰੈਕਟਰ ਸ. ਐੱਚ. ਐੱਸ. ਬੈਂਸ, ਸ਼ਾਇਰਾਂ ਅਤੇ ਸੰਸਥਾ ਦੇ ਪ੍ਰੋਫੈਸਰਾਂ ਦਾ ਕਿਤਾਬਾਂ ਦੇ ਸੈੱਟਾਂ ਅਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ। ਮੰਚ ਦਾ ਸੰਚਾਲਨ ਪ੍ਰੋ. ਸਵਿਤਾ ਗਰੋਵਰ ਨੇ ਕੀਤਾ। ਇਸ ਮੌਕੇ ਡਾ. ਬਰਜੇਸ਼ ਸ਼ਰਮਾ, ਡਾ. ਬਲਵਿੰਦਰ ਕੁਮਾਰ, ਪ੍ਰੋ. ਗੁਰਦੀਪ ਕੁਮਾਰੀ, ਡਾ. ਕਾਮਿਆ ਰਾਣੀ, ਡਾ. ਨਿਮਰਤਾ, ਭਾਸ਼ਾ ਵਿਭਾਗ ਦੇ ਕਰਮਚਾਰੀ ਲਵਪ੍ਰੀਤ, ਲਾਲ ਸਿੰਘ, ਸੁਰਿੰਦਰ ਪਾਲ ਅਤੇ ਸੰਸਥਾ ਦੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here