ਡੀ.ਸੀ. ਤਰਨ ਤਾਰਨ ਦੇ ਮਾੜੇ ਰਵੱਈਏ ਵਿਰੁੱਧ ਸੂਬਾ ਪੱਧਰੀ ਸੰਘਰਸ਼ ਦਾ ਐਲਾਨ:ਨੰਗਲ/ਚੀਮਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਡੀ.ਸੀ. ਤਰਨ ਤਾਰਨ ਸੰਦੀਪ ਕੁਮਾਰ ਵੱਲੋਂ ਕਰਮਚਾਰੀਆਂ ਦੀਆਂ ਇੱਕ ਸੀਟ ਤੋਂ ਦੂਜੀ ਸੀਟ ਤੇ ਸਾਲ ਵਿੱਚ ਕੇਵਲ ਇੱਕ ਵਾਰ ਬਦਲੀਆਂ ਕਰਨ ਸੰਬੰਧੀ ਸਰਕਾਰ ਵੱਲੋਂ ਜਾਰੀ ਨੀਤੀ ਦੇ ਵਿਰੁੱਧ ਜਾ ਕੇ ਦਫ਼ਤਰ ਦੇ ਕਰਮਚਾਰੀਆਂ ਦੀਆਂ ਵੱਡੀ ਗਿਣਤੀ ਵਿੱਚ ਬਦਲੀਆਂ ਕੀਤੀਆਂ ਜਾਣ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਮਿਤੀ 29-01-2024 ਤੋਂ 04-02-2024 ਤੱਕ ਦਫਤਰ ਡਿਪਟੀ ਕਮਿਸ਼ਨਰ, ਤਰਨ ਤਾਰਨ ਅਤੇ ਇਸ ਅਧੀਨ ਆਉਂਦੇ ਸਮੂਹ ਐਸ.ਡੀ.ਐਮ. ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਮੁਕੰਮਲ ਕਲਮਛੋੜ/ਕੰਪਿਊਟਰ ਬੰਦ ਹੜਤਾਲ ਦਾ ਐਕਸ਼ਨ ਦੇ ਕੇ ਬੇਲੋੜੀਆਂ ਬਦਲੀਆਂ ਰੱਦ ਕਰਨ ਦੀ ਮੰਗ ਰੱਖੀ ਗਈ ਸੀ ਪਰ ਡੀ.ਸੀ. ਤਰਨ ਤਾਰਨ ਵੱਲੋਂ ਉਕਤ ਮਸਲਾ ਹੱਲ ਕਰਨ ਦੀ ਬਜਾਏ ਨਾਂਹ-ਪੱਖੀ ਰਵੱਈਆ ਅਪਣਾਉਂਦੇ ਹੋਏ ਕਰਮਚਾਰੀਆਂ ਨੂੰ ਡਰਾਇਆ-ਧਮਕਾਇਆ ਗਿਆ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ 03 ਫਰਵਰੀ ਨੂੰ ਜ਼ੂਮ ਐਪ ਤੇ ਸੂਬਾ ਪੱਧਰੀ ਮੀਟਿੰਗ ਹੋਈ, ਮੀਟਿੰਗ ਵਿੱਚ ਸਮੂਹ ਜਿਲਾ ਆਗੂਆਂ ਦੇ ਵਿਚਾਰ ਲੈਣ ਉਪਰੰਤ ਸੂਬਾ ਬਾਡੀ ਦੇ ਆਗੂਆਂ ਨੇ ਸੂਬਾ ਪੱਧਰੀ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ ਕਿ ਜਿਲਾ ਤਰਨ ਤਾਰਨ ਦੇ ਡੀ.ਸੀ. ਦਫ਼ਤਰ ਵਿੱਚ 29 ਜਨਵਰੀ ਤੋਂ ਲਗਾਤਾਰ ਚੱਲ ਰਹੀ ਕਲਮਛੋੜ ਹੜਤਾਲ 11 ਫਰਵਰੀ ਤੱਕ ਅੱਗੇ ਵਧਾਈ ਜਾਂਦੀ ਹੈ।

Advertisements

ਇਸ ਹੜਤਾਲ ਦੇ ਚੱਲਦੇ 5 ਫਰਵਰੀ ਨੂੰ ਡੀ.ਸੀ. ਤਰਨ ਤਾਰਨ ਦਾ ਜਿਲਾ ਪੱਧਰ ਤੇ ਪੁਤਲਾ ਫੂਕਿਆ ਜਾਵੇਗਾ, ਜਿਸ ਵਿੱਚ ਹੋਰ ਜਿਲਿਆਂ ਦੇ ਕਰਮਚਾਰੀ ਵੀ ਸ਼ਾਮਿਲ ਹੋਣਗੇ। 6 ਫਰਵਰੀ ਨੂੰ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ ਦੇ ਜਿਲਾ ਯੂਨਿਟਾਂ ਵੱਲੋਂ ਡੀ.ਸੀ. ਤਰਨ ਤਾਰਨ ਸੰਦੀਪ ਕੁਮਾਰ ਵੱਲੋਂ ਕਰਮਚਾਰੀਆਂ ਨਾਲ ਧੱਕੇਸ਼ਾਹੀ ਕਰਨ ਦੇ ਰੋਸ ਵਜੋਂ ਨਿਖੇਧੀ ਮਤੇ ਪਾ ਕੇ ਪ੍ਰੈੱਸ ਨੋਟ ਲਗਵਾਏ ਜਾਣਗੇ। 7 ਫਰਵਰੀ ਨੂੰ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ ਵਿੱਚ ਗੇਟ ਰੈਲੀਆਂ ਕੀਤੀਆਂ ਜਾਣਗੀਆਂ। 8 ਫਰਵਰੀ ਨੂੰ ਯੂਨੀਅਨ ਦੀ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਡੀ.ਸੀ. ਤਰਨ ਤਾਰਨ ਦੀ ਬਦਲੀ ਦੀ ਮੰਗ ਰੱਖੀ ਜਾਵੇਗੀ ਕੇ ਇਸ ਅਧਿਕਾਰੀ ਨੂੰ ਖੇਤਰ ਵਿੱਚ ਤਾਇਨਾਤ ਨਾ ਕੀਤਾ ਜਾਵੇ, ਜਿਸ ਦੀ ਕਾਪੀ ਮਾਣਯੋਗ ਮੁੱਖ ਚੋਣ ਕਮਿਸ਼ਨ, ਪੰਜਾਬ ਜੀ ਨੂੰ ਵੀ ਭੇਜੀ ਜਾਵੇਗੀ। 9 ਫਰਵਰੀ ਨੂੰ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ ਦੇ ਮੇਨ ਗੇਟਾਂ ਤੇ ਡੀ.ਸੀ. ਤਰਨ ਤਾਰਨ ਸੰਦੀਪ ਕੁਮਾਰ ਦੇ ਪੁਤਲੇ ਸਾੜੇ ਜਾਣਗੇ।

LEAVE A REPLY

Please enter your comment!
Please enter your name here