ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਬਾਣੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ: ਜੀਵਨ ਵਾਲੀਆ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਮਾਨਵਤਾਵਾਦੀ ਮਹਾਨ ਰਹਿਬਰ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਵਸ ਸ਼ਨੀਵਾਰ ਨੂੰ ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਬਹੁਤ ਸ਼ਰਧਾ ਸਤਿਕਾਰ ਨਾਲ ਗੁਰੂਦਵਾਰਾ ਸ਼੍ਰੀ ਗੁਰੂ ਰਵਿਦਾਸ ਭਵਨ,ਨਜਦੀਕ ਦੇਵੀ ਤਾਲਾਬ ਵਿਖੇ ਮਨਾਇਆ ਗਿਆ।ਇਸ ਮੌਕੇ ਤੇ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਅਹੁਦੇਦਾਰਾਂ ਨੇ ਗੁਰੂਦਵਾਰਾ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਨਤਮਸਤਕ ਹੋਕੇ ਸ਼੍ਰੀ ਗੁਰੂ ਰਵਿਦਾਸ ਦੀ ਦਾ ਅਸ਼ੀਰਵਾਦ ਲਿਆ ਤੇ ਦੇਸ਼,ਪੰਜਾਬ ਤੇ ਜ਼ਿਲ੍ਹੇ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਅਰਦਾਸ ਕੀਤੀ।ਇਸ ਮੌਕੇ ਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਸੂਬਾਈ ਆਗੂ ਸੰਜੇ ਸ਼ਰਮਾ, ਵਿਸ਼ਵ ਹਿੰਦੂ ਪਰਿਸ਼ਦ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਮੰਗਤ ਰਾਮ ਭੋਲਾ, ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਤਲਵਾੜ ਨੇ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕਰਦਿਆਂ ਸਮਾਜ ਵਿੱਚ ਫੈਲੀਆਂ ਵੱਖ-ਵੱਖ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੱਦਾ ਦਿੱਤਾ।ਵਾਲੀਆ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਬਾਣੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ।

Advertisements

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਵਿਸ਼ਵ ਨੂੰ ਮਨੁੱਖਤਾ ਦਾ ਮਾਰਗ ਦਿਖਾਇਆ।ਉਨ੍ਹਾਂ ਕਿਹਾ ਕਿ ਇਹ ਬਾਣੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਵਿਚ ਅਹਿਮ ਭੂਮਿਕਾ ਅਦਾ ਕਰ  ਸਕਦੀ ਹੈ।ਸੰਜੇ ਸ਼ਰਮਾ ਨੇ ਇਸ ਪਵਿੱਤਰ ਮੌਕੇ ਤੇ ਲੋਕਾਂ ਨੂੰ ਵਧਾਈ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਸਿੱਖਿਆਵਾਂ ਮਨੁੱਖਤਾ ਨੂੰ ਬਰਾਬਰਤਾ ਵਾਲੇ ਸਮਾਜ ਵੱਲ ਸੇਧ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਇੱਕ ਮਹਾਨ ਅਧਿਆਤਮਿਕ ਦੂਤ ਅਤੇ ਸਮਾਜ ਦੇ ਗਰੀਬ ਤੇ ਬੇਸਹਾਰਾ ਤਬਕਿਆਂ ਦੇ ਮਸੀਹਾ ਨੇ ਸਾਨੂੰ ਨੇਕ ਜੀਵਨ ਜਿਊਣ ਦਾ ਉਪਦੇਸ਼ ਦਿੱਤਾ।ਮੰਗਤ ਰਾਮ ਭੋਲਾ ਨੇ ਕਿਹਾ ਕਿ ਇਹ ਪ੍ਰਕਾਸ਼ ਉਤਸਵ ਅਜਿਹੇ ਸਮਾਜ ਦੀ ਸਿਰਜਣਾ ਦੇ ਕਾਰਜ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਮੌਕਾ ਹੈ ਜਿੱਥੇ ਹਰ ਮਨੁੱਖ ਬਿਨਾਂ ਕਿਸੇ ਭੇਦਭਾਵ ਦੇ ਸਵੈ-ਮਾਣ ਅਤੇ ਗੌਰਵ ਨਾਲ ਜੀਵਨ ਬਤੀਤ ਕਰਦਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਤ-ਪਾਤ,ਨਸਲ,ਰੰਗ, ਧਰਮ ਦੇ ਭੇਦਭਾਵ ਤੋਂ ਉਪਰ ਉਠ ਕੇ ਸਮੂਹਿਕ ਤੌਰ ਇੱਕਜੁਟ ਹੋਣ।ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਨਿਮਰਤਾ ਅਤੇ ਮਾਨਵੀ ਸਨਮਾਨ ਦੀ ਭਾਵਨਾ ਨੂੰ ਮੂਰਤੀਮਾਨ ਕੀਤਾ।ਇਸ ਮੌਕੇ ਤੇ ਮੰਗਤ ਰਾਮ ਭੋਲਾ,ਸੰਜੇ ਸ਼ਰਮਾ,ਜੋਗਿੰਦਰ ਤਲਵਾੜ,ਬਲਰਾਮ ਬਾਵਾ,ਸੰਜੀਵ ਕੁਮਾਰ ਸੋਨੂੰ, ਰਾਜੀਵ ਟੰਡਨ,ਵਿਜੈ ਬਹਾਦਰ ਆਦਿ ਮਜੂਦ ਸਨ।

LEAVE A REPLY

Please enter your comment!
Please enter your name here