
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਮਿਲੀ ਹੈ। ਗੁਰੂ ਨਾਨਕਪੁਰਾ ਵੈਸਟ ਦੇ ਪਾਰਕ ਵਿੱਚ ਕਰੰਟ ਲਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਬੱਚਾ ਆਰਵ ਤੀਜੀ ਜਮਾਤ ਵਿੱਚ ਪੜ੍ਹਦਾ ਸੀ, ਜੋ ਕਿ ਇਥੇ ਪਾਰਕ ਵਿੱਚ ਹੋਰਨਾਂ ਬੱਚਿਆਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਪਾਰਕ ਵਿੱਚ ਉਪਰੋਂ ਲੰਘਣੀਆਂ 66 ਕੇਵੀ ਲਾਈਨਾਂ ‘ਤੇ ਜਦੋਂ ਬੱਚੇ ਨੇ ਪੱਥਰ ਵਰਗੀ ਕੋਈ ਚੀਜ਼ ਰੱਸੀ ਨਾਲ ਬੰਨ੍ਹ ਕੇ ਸੁੱਟੀ ਤਾਂ ਉਹ ਤਾਰਾਂ ਨਾਲ ਲੱਗਦਿਆਂ ਹੀ ਇਹ ਹਾਦਸਾ ਵਾਪਰ ਗਿਆ।


ਹਾਦਸੇ ਕਾਰਨ ਬੱਚਾ ਉਥੇ ਜ਼ਮੀਨ ‘ਤੇ ਡਿੱਗ ਗਿਆ। ਜਾਣਕਾਰੀ ਅਨੁਸਾਰ ਬੱਚੇ ਦਾ ਪਰਿਵਾਰ ਗੁਰੂ ਨਾਨਕਪੁਰਾ ਵੈਸਟ ਝੁੱਗੀ ਦਾ ਰਹਿਣ ਵਾਲਾ ਹੈ, ਜੋ ਕਿ ਜ਼ਮੀਨ ਪਾਵਰਕੌਮ ਦੀ ਹੈ। ਲੋਕਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਲਈ ਰੈਫ਼ਰ ਕੀਤਾ ਗਿਆ, ਪਰੰਤੂ ਰਸਤੇ ਵਿੱਚ ਹੀ ਬੱਚੇ ਦੀ ਮੌਤ ਹੋ ਗਈ।












