
ਚੰਡੀਗੜ੍ਹ(ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲਾ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਮੋਰਿੰਡਾ ਤੋਂ 2 ਲੋਕਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਅਮਨ ਅਤੇ ਗੁਰਤੇਜ ਵਜੋਂ ਹੋਈ ਹੈ। ਪੁਲਿਸ ਵੱਲੋਂ ਪਿੰਡ ਰਤਨਗੜ੍ਹ ਵਿੱਚ ਛਾਪਾ ਮਾਰਿਆ ਗਿਆ, ਇਸ ਛਾਪੇਮਾਰੀ ਦੌਰਾਨ ਪੁਲਿਸ ਨੂੰ ਘਰ ਵਿੱਚੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ।

ਮੋਰਿੰਡਾ ਪਿੰਡ ਰਤਨਗੜ ਵਾਸੀ ਗੁਰਤੇਜ ਸਿੰਘ ਤੇ ਅਮਨਪ੍ਰੀਤ ਸਿੰਘ ਨੂੰ ਪੁਲਿਸ ਨੇ ਰਾਉਂਡਅਪ ਕੀਤਾ ਹੈ। ਜਾਣਕਾਰੀ ਦੇ ਮੁਤਾਬਿਕ ਇਹ ਦੋਵੇਂ ਵਿਅਕਤੀ ਚੰਡੀਗੜ੍ਹ ਦੇ ਵਿੱਚ ਵਾਹਨ ਚਲਾਉਂਦੇ ਹਨ ਤੇ ਇੰਨਾਂ ਨੂੰ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਰਾਉਂਡਅਪ ਕੀਤਾ ਗਿਆ ਹੈ ਪਰ ਇਨ੍ਹਾਂ ਦੋਵਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਸਦੀ ਜਾਣਕਾਰੀ ਨਹੀਂ ਹੈ।
ਕਾਬਿਲੇਗੌਰ ਹੈ ਕਿ ਚੰਡੀਗੜ੍ਹ ਦੇ ਸੈਕਟਰ 37 ਸਥਿਤ ਭਾਜਪਾ ਦਫਤਰ ਅੱਗੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ। ਜਿਸਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਦੀਆਂ ਤਮਾਮ ਟੀਮਾਂ ਅਤੇ ਫੋਰੈਂਸਿਕ ਟੀਮਾਂ ਤੋਂ ਇਲਾਵਾ ਕੌਮੀ ਜਾਂਚ ਏਜੰਸੀ (NIA) ਵੀ ਪਹੁੰਚੀ ਸੀ। ਫਿਲਹਾਲ ਇਸ ਮਾਮਲੇ ਵਿੱਚ ਗ੍ਰੇਨੇਡ ਹਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਖਾਲਿਸਤਾਨੀ ਸਮਰਥਕ ਨੇ ਜ਼ਿੰਮੇਵਾਰੀ ਲਈ ਹੈ। ਜਿਸ ਦੀ ਇੱਕ ਕਥਿਤ ਪੋਸਟ ਵੀ ਵਾਇਰਲ ਹੋਈ।












