
ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਦੇ GMADA ਦਫ਼ਤਰ ਵਿੱਚ ED ਵੱਲੋਂ ਚਲਾਈ ਜਾ ਰਹੀ 36 ਘੰਟਿਆਂ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਦੁਪਹਿਰ ਨੂੰ ਖ਼ਤਮ ਹੋ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਹਾਲਾਤ ਨੂੰ ਦੇਖਦੇ ਹੋਏ ਪੁਲਿਸ ਨੇ ED ਦੀਆਂ ਟੀਮਾਂ ਨੂੰ ਸੁਰੱਖਿਅਤ ਤਰੀਕੇ ਨਾਲ GMADA ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਬਾਹਰ ਕੱਢਿਆ।

ਜਾਣਕਾਰੀ ਅਨੁਸਾਰ ED ਦੀਆਂ ਟੀਮਾਂ ਆਪਣੇ ਨਾਲ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗ ਅਤੇ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਲੈ ਗਈਆਂ ਹਨ। ਫਿਲਹਾਲ GMADA ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਨਹੀਂ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਹੋਰ ਉੱਚ ਅਧਿਕਾਰੀ ਵੀ ਵਾਪਸ ਆਪਣੇ ਕੰਮ ’ਤੇ ਪਰਤ ਆਏ ਹਨ।
ਹੁਣ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ED ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੁਝ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਏ ਜਾਣ ਦੀ ਸੰਭਾਵਨਾ ਹੈ।












