
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਰਮਦਾਸ ਅਧੀਨ ਪਿੰਡ ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਦੇ ਪਤੀ ਦੀ ਤਿੰਨ ਦਿਨ ਲਾਪਤਾ ਹੋਣ ਪਿੱਛੋਂ ਲਾਸ਼ ਪ੍ਰਾਪਤ ਹੋਈ ਹੈ। ਕੁਲਜੀਤ ਸਿੰਘ ਦੀ ਤਿੰਨ ਦਿਨ ਬਾਅਦ ਲਾਸ਼ ਰਮਦਾਸ ਰੋਡ ਤੋਂ ਭੇਦਭਰੇ ਹਾਲਾਤਾਂ ਵਿੱਚ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ, ਕੁਲਜੀਤ ਸਿੰਘ ਪਿੰਡ ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਦੇ ਪਤੀ ਸਨ। ਦੱਸਿਆ ਜਾ ਰਿਹਾ ਹੈ ਕਿ ਕੁਲਜੀਤ ਸਿੰਘ ਸਾਬਕਾ ਫੌਜੀ ਵੀ ਸਨ, ਜੋ ਤਿੰਨ ਦਿਨ ਪਹਿਲਾਂ ਆਪਣੇ ਪੋਤਰੇ ਦਾ ਸਰਟੀਫਿਕੇਟ ਲੈਣ ਲਈ ਫਤਿਹਗੜ੍ਹ ਚੂੜੀਆਂ ਜਾਣ ਵਾਸਤੇ ਘਰੋਂ ਨਿਕਲੇ ਸਨ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਹੁੰਚੇ, ਜਿਸ ਕਾਰਨ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।

ਰਮਦਾਸ ਰੋਡ ਤੋਂ ਕੁਲਜੀਤ ਸਿੰਘ ਦੀ ਲਾਸ਼ ਭੇਦਭਰੇ ਹਾਲਾਤਾਂ ਵਿੱਚ ਬਰਾਮਦ ਹੋਈ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਮੌਕੇ ’ਤੇ ਪਹੁੰਚੇ। ਪਰਿਵਾਰ ਵੱਲੋਂ ਕੁਲਜੀਤ ਸਿੰਘ ਦੇ ਕਤਲ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਵੀ ਸਵਾਲ ਚੁੱਕੇ ਅਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕਰ ਕੇ ਇਨਸਾਫ ਦੀ ਮੰਗ ਕੀਤੀ। ਡੀਐਸਪੀ ਅਜਨਾਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਲਜੀਤ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੁਲਿਸ ਜਾਂਚ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।












