Saturday, November 7, 2026
Home Crime ਲਾਰੈਂਸ ਬਿਸ਼ਨੋਈ ਗਿਰੋਹ ਦਾ ਗੈਂਗਸਟਰ ਹੈਰੀ ਬਾਕਸਰ ਅਮਰੀਕਾ ‘ਚ ਗ੍ਰਿਫ਼ਤਾਰ, ਜਲਦ ਲਿਆਂਦਾ...

ਲਾਰੈਂਸ ਬਿਸ਼ਨੋਈ ਗਿਰੋਹ ਦਾ ਗੈਂਗਸਟਰ ਹੈਰੀ ਬਾਕਸਰ ਅਮਰੀਕਾ ‘ਚ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ

ਦਿੱਲੀ (ਦ ਸਟੈਲਰ ਨਿਊਜ਼)। ਭਾਰਤੀ ਅਤੇ ਅਮਰੀਕੀ ਜਾਂਚ ਏਜੰਸੀਆਂ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਬੇਹੱਦ ਸਰਗਰਮ ਅਤੇ ਪ੍ਰਮੁੱਖ ਮੈਂਬਰ ਕੁਖ਼ਿਆਤ ਹੈਰੀ ਬਾਕਸਰ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੈਂਗ ਦੇ ਸੰਗਠਨਾਤਮਕ ਢਾਂਚੇ ਵਿੱਚ ਉਸ ਦੀ ਹੈਸੀਅਤ ਨੰਬਰ 3 ਦੇ ਆਗੂ ਵਜੋਂ ਮੰਨੀ ਜਾਂਦੀ ਹੈ। ਹੁਣ ਉਸ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਅਤੇ ਹਵਾਲਗੀ ਪ੍ਰਕਿਰਿਆ ਤੇਜ਼ੀ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਦੇ ਇਸ ਖ਼ਤਰਨਾਕ ਗੁਰਗੇ ਨੂੰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਕਾਬੂ ਕੀਤਾ ਗਿਆ ਹੈ। ਅਮਰੀਕੀ ਸੁਰੱਖਿਆ ਏਜੰਸੀਆਂ ਨੇ ਇਹ ਕਾਰਵਾਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਸਾਂਝੇ ਕੀਤੇ ਗਏ ਪੁਖ਼ਤਾ ਖ਼ੁਫ਼ੀਆ ਇਨਪੁੱਟ ਦੇ ਆਧਾਰ ਤੇ ਅਮਲ ਵਿੱਚ ਲਿਆਂਦੀ ਹੈ। ਭਾਰਤੀ ਸਮੇਂ ਅਨੁਸਾਰ ਹੈਰੀ ਬਾਕਸਰ ਨੂੰ ਸ਼ੁੱਕਰਵਾਰ ਰਾਤ ਨੂੰ ਹਿਰਾਸਤ ਵਿੱਚ ਲਿਆ ਗਿਆ। ਉਹ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਪਨਾਹ ਲੈ ਕੇ ਬੈਠਾ ਸੀ ਅਤੇ ਉੱਥੋਂ ਹੀ ਲਾਰੈਂਸ ਬਿਸ਼ਨੋਈ ਗਰੋਹ ਦੀਆਂ ਸਾਰੀਆਂ ਅਪਰਾਧਿਕ ਗਤੀਵਿਧੀਆਂ ਨੂੰ ਆਪਰੇਟ ਕਰ ਰਿਹਾ ਸੀ। ਉਸ ਦੇ ਖ਼ਿਲਾਫ਼ ਕਤਲ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਮੋਟੀਆਂ ਫ਼ਿਰੌਤੀਆਂ ਵਸੂਲਣ ਸਮੇਤ ਅਨੇਕਾਂ ਸੰਗੀਨ ਅਪਰਾਧਿਕ ਮੁਕੱਦਮੇ ਦਰਜ ਹਨ।

Advertisements

ਹੈਰੀ ਬਾਕਸਰ ਉਸ ਸਮੇਂ ਜਾਂਚ ਏਜੰਸੀਆਂ ਦੇ ਮੁੱਖ ਨਿਸ਼ਾਨੇ ‘ਤੇ ਆ ਗਿਆ ਸੀ, ਜਦੋਂ ਮਸ਼ਹੂਰ ਬਾਲੀਵੁੱਡ ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ। ਇਸ ਗੋਲੀਬਾਰੀ ਦੀ ਪੂਰੀ ਜ਼ਿੰਮੇਵਾਰੀ ਖ਼ੁਦ ਹੈਰੀ ਬਾਕਸਰ ਨੇ ਲਈ ਸੀ। ਇਸ ਵਾਰਦਾਤ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਪੋਸਟਾਂ ਅਤੇ ਆਡੀਓ ਸੰਦੇਸ਼ ਜਾਰੀ ਕਰਕੇ ਬਾਲੀਵੁੱਡ ਨਾਲ ਜੁੜੀਆਂ ਕਈ ਪ੍ਰਮੁੱਖ ਹਸਤੀਆਂ ਨੂੰ ਸ਼ਰੇਆਮ ਗੰਭੀਰ ਧਮਕੀਆਂ ਦਿੱਤੀਆਂ ਸਨ, ਜਿਸ ਨਾਲ ਫ਼ਿਲਮ ਜਗਤ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਚਿੰਤਾ ਕਾਫ਼ੀ ਵਧ ਗਈ ਸੀ ਅਤੇ ਉਸ ਦੇ ਪੂਰੇ ਕ੍ਰਾਈਮ ਨੈੱਟਵਰਕ ਤੇ ਲਿੰਕਾਂ ਦੀ ਬਾਰੀਕੀ ਨਾਲ ਘੋਖ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਹੈ ਕਿ ਹੈਰੀ ਬਾਕਸਰ ਤੋਂ ਪਹਿਲਾਂ ਗੈਂਗਸਟਰ ਹਿਮਾਂਸ਼ੂ ਭਾਊ ਨੂੰ ਵੀ ਅਮਰੀਕੀ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੈਰੀ ਬਾਕਸਰ ਦਾ ਕਾਬੂ ਆਉਣਾ ਭਾਰਤੀ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਦਿੱਲੀ ਪੁਲਿਸ ਦੇ ਨਾਲ-ਨਾਲ ਮੁੰਬਈ ਪੁਲਿਸ ਅਤੇ ਹਰਿਆਣਾ ਪੁਲਿਸ ਨੂੰ ਵੀ ਸਾਲਾਂ ਤੋਂ ਇਸ ਦੀ ਸਰਗਰਮੀ ਨਾਲ ਭਾਲ ਸੀ, ਜੋ ਹੁਣ ਜਾ ਕੇ ਪੂਰੀ ਹੋਈ ਹੈ। ਉਸ ਨੂੰ ਭਾਰਤ ਲਿਆਉਣ ਲਈ ਰਸਮੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।

LEAVE A REPLY

Please enter your comment!
Please enter your name here