ਨਰੇਸ਼ ਅਤੇ ਸਤੀਸ਼ ਅਗਰਵਾਲ ਨੇ ‘ਸਮਰਪਣ’ ਨਾਲ ਜੁੜਦਿਆਂ ਡੀ.ਸੀ ਨੂੰ ਸੋਂਪੇ 4 ਲੱਖ ਦੇ ਚੈਕ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ:ਗੁਰਜੀਤ ਸੋਨੂੰ। ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਪ੍ਰੇਰਨਾ ਸਦਕਾ ‘ਸਮਰਪਣ’ ਦੇ ਮੈਂਬਰ ਬਣੇ ਸਾਬਕਾ ਕੌਂਸਲਰ ਨਰੇਸ਼ ਅਗਰਵਾਲ ਅਤੇ ਪ੍ਰਧਾਨ ਐਸ.ਪੀ.ਐਨ. ਚੈਰੀਟੇਬਲ ਹਸਪਤਾਲ ਤੇ ਨਰਸਿੰਗ ਕਾਲਜ ਮੁਕੇਰੀਆਂ ਸਤੀਸ਼ ਅਗਰਵਾਲ ਨੇ ਅੱਜ 2-2 ਲੱਖ ਰੁਪਏ ਦੇ ਚੈਕ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੂੰ ਸੌਂਪੇ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਮੋਹਨ ਸਿੰਘ ਲੇਹਲ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਵੀ ਸ਼ਾਮਲ ਸਨ।
ਚੈਕ ਪ੍ਰਾਪਤ ਕਰਦੇ ਹੋਏ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕਿਹਾ ਕਿ ‘ਸਮਰਪਣ’ ਨਾਲ ਵੱਡੇ ਪੱਧਰ ‘ਤੇ ਮੈਂਬਰਾਂ ਦਾ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਪ੍ਰੋਜੈਕਟ ਸਿੱਖਿਆ ਦੇ ਖੇਤਰ ਵਿੱਚ ਇਕ ਨਵਾਂ ਇਤਿਹਾਸ ਸਿਰਜੇਗਾ। ਉਨਾਂ ਕਿਹਾ ਕਿ ਹੁਣ ਤੱਕ ਕਰੀਬ 17 ਹਜ਼ਾਰ ਤੋਂ ਵੱਧ ‘ਸਮਰਪਣ’ ਦੇ ਮੈਂਬਰ ਬਣ ਚੁੱਕੇ ਹਨ ਅਤੇ ਮੈਂਬਰਸ਼ਿਪ ਦੇ ਇਕੱਤਰ ਫੰਡ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨਾਂ ਉਕਤ ਸਮਰਪਣ ਮੈਂਬਰਾਂ ਸਮੇਤ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਨਾਂ ਦੀ ਪ੍ਰੇਰਨਾ ਸਦਕਾ ‘ਸਮਰਪਣ’ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ।
-‘ਸਮਰਪਣ’ ਸਿੱਖਿਆ ਦੇ ਖੇਤਰ ‘ਚ ਸਿਰਜੇਗਾ ਨਵਾਂ ਇਤਿਹਾਸ : ਡਿਪਟੀ ਕਮਿਸ਼ਨਰ
ਉਨਾਂ ਅਪੀਲ ਕਰਦਿਆਂ ਕਿਹਾ ਕਿ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ 365 ਰੁਪਏ ਦਾਨ ਕਰਕੇ ‘ਸਮਰਪਣ’ ਦੀ ਮੈਂਬਰਸ਼ਿਪ ਹਾਸਲ ਕੀਤੀ ਜਾ ਸਕਦੀ ਹੈ। ਨਰੇਸ਼ ਅਗਰਵਾਲ ਅਤੇ ਸਤੀਸ਼ ਅਗਰਵਾਲ ਨੇ ਕਿਹਾ ਕਿ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਪ੍ਰੇਰਨਾ ਸਦਕਾ ਉਨਾਂ ਨੂੰ ‘ਸਮਰਪਣ’ ਨਾਲ ਜੁੜਨ ਦਾ ਮੌਕਾ ਮਿਲਿਆ ਹੈ।
ਉਨਾਂ ਕਿਹਾ ਕਿ ਉਨਾਂ ਨੂੰ ਖੁਸ਼ੀ ਹੈ ਕਿ ਉਹ ਸਰਕਾਰੀ ਸਕੂਲਾਂ ਦੇ ਬੁਨਿਆਂਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ‘ਸਮਰਪਣ’ ਵਿੱਚ ਯੋਗਦਾਨ ਪਾ ਰਹੇ ਹਨ। ਉਨਾਂ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਵਿੱਚ ਸ਼ੁਰੂ ਕੀਤਾ ਗਿਆ ‘ਸਮਰਪਣ’ ਪ੍ਰੋਜੈਕਟ ਪੰਜਾਬ ਵਿੱਚੋਂ ਨਿਵੇਕਲੀ ਕਿਸਮ ਦਾ ਉਪਰਾਲਾ ਹੈ। ਉਨਾਂ ਕਿਹਾ ਕਿ ਵੱਧ ਤੋਂ ਵੱਧ ਵਿਅਕਤੀਆਂ ਨੂੰ ‘ਸਮਰਪਣ’ ਨਾਲ ਜੁੜਨਾ ਚਾਹੀਦਾ ਹੈ, ਤਾਂ ਜੋ ਜ਼ਿਲੇ ਦੇ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

LEAVE A REPLY

Please enter your comment!
Please enter your name here