9 ਤੋਂ 22 ਜੁਲਾਈ ਤਕ ਮਨਾਇਆ ਜਾਵੇਗਾ ਤੀਬਰ ਦਸਤ ਰੋਕੂ ਪੰਦਰਵਾੜਾ

ਹੁਸ਼ਿਆਰਪੁਰ,(ਦਾ ਸਟੈਲਰ ਨਿਊਜ਼), ਰਿਪੋਰਟ: ਗੁਰਜੀਤ ਸੋਨੂੰ। ਦੇਸ਼ ਭਰ ਵਿੱਚ 5 ਸਾਲ ਤੱਕ ਦੇ ਬੱਚਿਆਂ ਦੀ ਦਸਤਾਂ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ 9ਜੁਲਾਈ ਤੋਂ 22 ਜੁਲਾਈ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਮ ਲੋਕਾਂ ਨੂੰ ਓ.ਆਰ.ਐਸ. ਘੋਲ, ਜ਼ਿੰਕ ਦੀ ਵਰਤੋ, ਮਾਂ ਦੇ ਦੁੱਧ ਦੀ ਮਹੱਤਤਾ, ਹੱਥਾਂ ਨੂੰ ਚੰਗੀ ਤਰਾਂ ਧੋਣ ਦੀ ਵਿਧੀ ਅਤੇ ਖਾਣ ਪੀਣ ਦੀਆਂ ਸਾਫ ਸੁਥਰੀਆਂ ਚੀਜ਼ਾਂ ਨੂੰ ਤਰਜੀਹ ਦੇਣ ਦੀ ਸੇਧ ਦਿੱਤੀ ਜਾ ਰਹੀ ਹੈ।  ਬਲਾਕ ਚੱਕੋਵਾਲ ਵਿੱਚ ਡਾ. ਗੁਰਮੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਜੀ ਦੇ ਨਿਰਦੇਸ਼ਾਂ ਮੁਤਾਬਿਕ ਇਸ ਪੰਦਰਵਾੜੇ ਤਹਿਤ ਸਮੂਹ ਸਿਹਤ ਕੇਂਦਰਾਂ ਤੇ ਓ.ਆਰ.ਐਸ. ਦਾ ਘੋਲ ਤਿਆਰ ਕਰਨ ਤੇ ਜ਼ਿੰਕ ਬਾਰੇ ਜਾਗਰੂਕ ਕਰਨ ਲਈ ਕਾਰਨਰ ਸਥਾਪਿਤ ਕੀਤੇ ਗਏ ਹਨ। ਜਾਗਰੂਕਤਾ ਪੈਦਾ ਕਰਨ ਦੀ ਇਸੇ ਮੁਹਿੰਮ ਤਹਿਤ ਡਾ. ਗੁਰਮੀਤ ਸਿੰਘ ਜੀ ਵੱਲੋਂ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਵਰਕਸ਼ਾਪ ਦੌਰਾਨ ਜਾਗਰੂਕ ਕਰਦਿਆਂ ਦੱਸਿਆ ਕਿ ਗਰਮੀ ਅਤੇ ਮੌਨਸੂਨ ਦੇ ਮੌਸਮ ਵਿੱਚ ਅਕਸਰ ਬੱਚਿਆਂ ਨੂੰ ਦਸਤ ਹੋਣ ਕਾਰਣ ਬਹੁਤ ਕਮਜ਼ੋਰ ਹੋਣ ਦੀ ਸ਼ਿਕਾਇਤ ਬਹੁਤ ਆਮ ਹੈ।

Advertisements

ਪਰ ਜੇਕਰ ਸਮੇਂ ਸਿਰ ਦਸਤਾਂ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਦਸਤਾਂ ਦੀ ਰੋਕਥਾਮ ਲਈ ਸਭ ਤੋਂ ਆਸਾਨ ਤਰੀਕਾ ਹੈ ਓ.ਆਰ.ਐਸ. ਦਾ ਘੋਲ ਅਤੇ ਜ਼ਿੰਕ ਗੋਲੀ ਦੀ ਜੋੜੀ, ਜੋ ਕਿ ਵਿਸ਼ਵ ਸਿਹਤ ਸੰਗਠਨ ਅਤੇ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਹੈ। ਡਾ. ਗੁਰਮੀਤ ਸਿੰਘ ਜੀ ਨੇ ਦੱਸਿਆ ਕਿ ਓ.ਆਰ. ਐਸ. ਬੱਚਿਆਂ ਵਿੱਚ ਦਸਤਾਂ ਕਾਰਣ ਹੋਣ ਵਾਲੀ ਪਾਣੀ ਦੀ ਕਮੀ ਨੂੰ ਪੂਰੀ ਕਰਦਾ ਹੈ ਅਤੇ ਜ਼ਿੰਕ ਦਸਤ ਘੱਟ ਕਰਦਾ ਹੈ ਅਤੇ ਜਲਦੀ ਠੀਕ ਕਰਦਾ ਹੈ। ਜ਼ਿੰਕ ਦੀਆਂ ਗੋਲੀਆਂ ਪੂਰੇ 14 ਦਿਨ ਦੇਣ ‘ਤੇ ਅਗਲੇ ਤਿੰਨ ਮਹੀਨੇ ਤੱਕ ਦਸਤਾਂ ਅਤੇ ਨਿਮੋਨੀਆਂ ਦੋਨੋ ਤੋਂ ਬਚਾਅ ਰਹਿੰਦਾ ਹੈ ਅਤੇ ਇਹ ਟਾਨਿਕ ਦਾ ਕੰਮ ਕਰਦੀ ਹੈ। ਜਿਸ ਨਾਲ ਬੱਚੇ ਦੀ ਭੁੱਖ ਅਤੇ ਸਿਹਤ ਵਿੱਚ ਸੁਧਾਰ ਹੋਵੇਗਾ। ਇਸਦੇ ਨਾਲ ਸਫਾਈ ਦਾ ਧਿਆਨ ਰੱਖਣਾ ਜਰੂਰੀ ਹੈ। ਬੱਚੇ ਦੇ ਅਤੇ ਆਪਣੇ ਹੱਥ ਸਾਬਣ ਨਾਲ ਚੰਗੀ ਤਰਾਂ ਸਾਫ ਕਰੋ। ਓ.ਆਰ.ਐਸ. ਦਾ ਘੋਲ ਬਣਾਉਣ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਕ ਲੀਟਰ ਪੀਣ ਦੇ ਸਾਫ਼ ਪਾਣੀ ਭਾਵ ਉਬਾਲ ਕੇ ਠੰਡਾਂ ਕੀਤੇ ਹੋਏ ਪਾਣੀ ਵਿੱਚ ਇੱਕ ਪੈਕਟ ਓ.ਆਰ.ਐਸ. ਪਾਉਡਰ ਪਾਓ, ਪਾਊਡਰ ਨੂੰ ਚੰਗੀ ਤਰਾਂ ਘੋਲੋ। ਬੱਚੇ ਨੂੰ ਘੋਲ ਚਮਚ ਜਾਂ ਕਪ ਨਾਲ ਹਰ ਦਸਤ ਤੋਂ ਬਾਅਦ ਜਦੋਂ ਤੱਕ ਦਸਤ ਬੰਦ ਨਾ ਹੋਣ ਪਿਲਾਓ।

ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਦਸਤ ਦੌਰਾਨ ਓ.ਆਰ.ਐਸ. ਤੇ ਜ਼ਿੰਕ ਤੋਂ ਇਲਾਵਾ ਮਾਂ ਦਾ ਦੁੱਧ ਪਿਲਾਉਂਦੇ ਰਹੋ ਅਤੇ ਬੱਚੇ ਨੂੰ ਹਲਕਾ ਖਾਣਾ ਵੀ ਦਿੰਦੇ ਰਹੋ। ਉਹਨਾਂ ਕਿਹਾ ਕਿ ਆਓ ਓ.ਆਰ.ਐਸ. ਦਾ ਘੋਲ ਅਤੇ ਜ਼ਿੰਕ ਪਿਲਾਓ ਦਸਤਾਂ ਨੂੰ ਮਾਰ ਦੂਰ ਭਜਾਓ ਦਾ ਮੰਤਰ ਅਪਣਾ ਕੇ ਆਪਣੇ ਬੱਚਿਆਂ ਨੂੰ ਤੰਦਰੁਸਤ ਬਣਾਈਏ। ਬੀ.ਈ.ਈ. ਰਮਨਦੀਪ ਕੌਰ ਨੇ ਘਰੇਲੂ ਘੋਲ ਬਣਾਉਣ ਦੇ ਢੰਗ ਬਾਰੇ ਦੱਸਿਆ ਕਿ ਇੱਕ ਮੁੱਠੀ ਖੰਡ, ਚੁਟਕੀ ਨਮਕ ਅਤੇ 1 ਲੀਟਰ ਸਾਫ ਪੀਣ ਵਾਲੇ ਪਾਣੀ ਨਾਲ ਲੋੜ ਪੈਣ ਤੇ ਘਰ ਵਿੱਚ ਹੀ ਘੋਲ ਤਿਆਰ ਕਰਕੇ ਬੱਚੇ ਨੂੰ ਪਿਲਾਇਆ ਜਾ ਸਕਦਾ ਹੈ। ਇਸ ਵਿੱਚ ਅੱਧਾ ਨਿੰਬੂ ਵੀ ਪਾਇਆ ਜਾ ਸਕਦਾ ਹੈ। ਵਰਕਸ਼ਾਪ ਦੌਰਾਨ ਹੱਥ ਧੋਣ ਦੀ ਮਹੱਤਤਾ ਸਬੰਧੀ ਇੱਕ ਪੋਸਟਰ ਵੀ ਰਿਲੀਜ਼ ਕੀਤਾ ਗਿਆ ਅਤੇ ਆਸ਼ਾ ਵਰਕਰਾਂ ਨੂੰ ਸਕੂਲਾਂ ਵਿੱਚ ਜਾਂ ਕੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਮਨਜੀਤ ਸਿੰਘ ਹੈਲਥ ਇੰਸਪੈਕਟਰ, ਐਲ.ਐਚ.ਵੀ. ਕ੍ਰਿਸ਼ਨਾ ਰਾਣੀ, ਦਿਲਬਾਗ ਸਿੰਘ ਅਤੇ ਬਲਾਕ ਦੀਆਂ ਸਮੂਹ ਆਸ਼ਾ ਫੈਸੀਲਟੇਟਰਾਂ ਅਤੇ ਆਸ਼ਾ ਵਰਕਰਾਂ ਸ਼ਾਮਿਲ ਹੋਈਆਂ।

LEAVE A REPLY

Please enter your comment!
Please enter your name here