ਨਵੀਂ ਨੀਤੀ ਦੇ ਖਰੜੇ ਨੂੰ ਅੰਤਿਮ ਪ੍ਰਵਾਨਗੀ ਲਈ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ: ਬਾਜਵਾ

logo latest

ਚੰਡੀਗੜ,(ਦਾ ਸਟੈਲਰ ਨਿਊਜ਼)। ਪੰਜਾਬ ਸਰਕਾਰ ਨੇ ਗੈਰਕਾਨੂੰਨੀ ਕਲੋਨੀਆਂ ਨੂੰ ਨੇਮਬੱਧ ਕਰਨ ਕਰਨ ਲਈ ਬਣਾਈ ਗਈ ਨਵੀ ਨੀਤੀ ਉੱਤੇ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਕੁਝ ਤਬਦੀਲੀਆਂ ਤੋਂ ਬਾਅਦ ਇਸ ਉੱਤੇ ਸਹਿਮਤੀ ਹੋ ਗਈ ਹੈ। ਅੱਜ ਇਥੇ ਪੰਜਾਬ ਭਵਨ ਵਿਖੇ ਗੈਰਕਾਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ਲਈ ਮੰਤਰੀ ਸਾਹਿਬਾਨ ਦੇ ਗਰੁੱਪ ਅਤੇ ਕਲੋਨਾਈਜ਼ਰਾਂ ਨਾਲ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੁਝ ਵਿਧਾਇਕ ਵੀ ਸ਼ਾਮਿਲ ਹੋਏ।

Advertisements

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ ਗੈਰਕਾਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ਲਈ ਨਵੀਂ ਨੀਤੀ ਦੇ ਖਰੜੇ ਨੂੰ ਕੁੱਝ ਤਬਦੀਲੀਆਂ ਨਾਲ ਮੀਟਿੰਗ ਵਿਚ ਮੌਜੂਦ ਮੰਤਰੀ ਸਾਹਿਬਾਨ ਅਤੇ ਵਿਧਾਇਕਾਂ ਨੇ ਸਹਿਮਤੀ ਦੇ ਦਿੱਤੀ ਹੈ। ਬਾਜਵਾ ਨੇ ਦੱਸਿਆ ਕਿ ਨੀਤੀ ਦੇ ਸੋਧੇ ਹੋਏ ਖਰੜੇ ਨੂੰ ਇਸੇ ਹਫਤੇ ਮੁੱਖ ਮੰਤਰੀ ਕੋਲ ਭੇਜ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ ਮੰਤਰੀ ਮੰਡਲ ਵਿਚ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ।

-ਗੈਰਕਾਨੂੰਨੀ ਕਲੋਨੀਆਂ ਨੂੰ ਨੇਮਬੱਧ ਕਰਨ ਲਈ ਨਵੀਂ ਨੀਤੀ ਬਾਰੇ ਬਣੀ ਸਹਿਮਤੀ

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ ਇਸ ਨੀਤੀ ਨੂੰ ਨਵਿਆਉਣ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੀਆਂ ਹਦਾਇਤਾਂ ਅਤੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਅਤੇ ਕਾਲੋਨਾਈਜ਼ਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਹਨਾਂ ਨਾਲ ਹੀ ਦੱਸਿਆ ਕਿ ਨਵੀਂ ਨੀਤੀ ਬਣਾਉਣ ਸਮੇਂ ਸਾਰੀਆਂ ਸਬੰਧਤਾ ਧਿਰਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਦਾ ਯਤਨ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨੀਤੀ ਵਿੱਚ ਕਲੋਨੀਆਂ ਨੂੰ ਵਿਕਸਤ ਕਰਨ ਵਾਲਿਆਂ ਦੇ ਸੁਝਾਵਾਂ ਨੂੰ ਲਾਗੂ ਕਰਨ ਦੇ ਨਾਲ-ਨਾਲ ਉਥੇ ਰਹਿੰਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਪਹਿਲ ਦਿੱਤੀ ਗਈ ਹੈ।

ਮੀਟਿੰਗ ਦੀ ਸ਼ੁਰੂਆਤ ਵਿੱਚ ਗਮਾਡਾ ਦੇ ਅਧਿਕਾਰੀਆਂ ਵਲੋਂ ਗੈਰ ਕਾਨੂੰਨੀ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਨਵਾਂ ਖਰੜਾ ਪੇਸ਼ ਕੀਤਾ। ਜਿਸ ਬਾਰੇ ਮੀਟਿੰਗ ਵਿਚ ਮੌਜੂਦ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਖੁੱਲ ਕੇ ਵਿਚਾਰ ਪੇਸ਼ ਕੀਤੇ, ਇਸ ਤੋਂ ਇਲਾਵਾ ਪ੍ਰਾਪਰਟੀ ਡੀਲਰਜ਼ ਐਂਡ ਕਲੋਨਾਈਜ਼ਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ। ਇਸ ਉਪਰੰਤ ਫੈਸਲਾ ਕੀਤਾ ਗਿਆ ਕਿ ਜਿੰਨਾਂ ਸੁਝਾਵਾਂ ‘ਤੇ ਸਭ ਦੀ ਸਹਿਮਤੀ ਹੋਈ ਹੈ ਉਹਨਾਂ ਨੂੰ ਨਵੀਂ ਨੀਤੀ ਦਾ ਹਿੱਸਾ ਬਣਾ ਕੇ ਮੁੱਖ ਮੰਤਰੀ ਕੋਲ ਭੇਜ ਦਿੱਤਾ ਜਾਵੇ। ਇਸ ਮੌਕੇ ਪ੍ਰਾਪਰਟੀ ਡੀਲਰਜ਼ ਐਂਡ ਕਲੋਨਾਈਜ਼ਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨੀਤੀ ਦਾ ਸਵਾਗਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਕੋਈ ਵੀ ਕਲੋਨਾਈਜ਼ਰ ਗੈਰਕਾਨੂੰਨੀ ਤਰੀਕੇ ਨਾਲ ਕਲੋਨੀ ਵਿਕਸਿਤ ਨਹੀਂ ਕਰੇਗਾ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ, ਬਲਬੀਰ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ, ਸਿਆਮ ਸੁੰਦਰ ਅਰੋੜਾ, ਵਿਜੇਇੰਦਰ ਸਿੰਗਲਾ, (ਸਾਰੇ ਕੈਬਨਿਟ ਮੰਤਰੀ), ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ,  ਸੁਸ਼ੀਲ ਰਿੰਕੂ ਅਤੇ ਕੁਲਦੀਪ ਵੈਦ (ਵਿਧਾਇਕ) ਤੋਂ ਇਲਾਵਾ ਵਿੰਨੀ ਮਹਾਜਨ ਵਧੀਕ ਮੁੱਖ ਸਕੱਤਰ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਰਵੀ ਭਗਤ ਮੁੱਖ ਪ੍ਰਬੰਧਕ ਪੁੱਡਾ/ਗਮਾਡਾ, ਟੀ.ਪੀ.ਐਸ ਫੂਲਕਾ, ਡਾਇਰੈਕਟਰ ਟਾਊਨ ਅਤੇ ਕੰਟਰੀ ਪਲਾਨਿੰਗ, ਗੁਰਪ੍ਰੀਤ ਸਿੰਘ, ਮੁੱਖ ਟਾਊਨ ਪਲਾਨਰ, ਪੰਜਾਬ ਅਤੇ ਵਿਭਾਗ ਦੇ ਹੋਰ ਉੱਚ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here