ਮਾਤਾ ਚਿੰਤਪੁਰਨੀ ਮੇਲੇ ਦੀ ਸਮਾਪਤੀ ਉਪਰੰਤ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇਗੀ: ਤੀਕਸ਼ਨ ਸੂਦ

DSC05317
ਹੁਸ਼ਿਆਰਪੁਰ, 24 ਅਗਸਤ: ਮਾਤਾ ਚਿੰਤਪੁਰਨੀ ਮੇਲੇ ਦੇ ਸਬੰਧ ਵਿੱਚ ਲਗਾਏ ਗਏ ਲੰਗਰਾਂ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ, ਸਮਾਜਸੇਵੀ ਸੰਸਥਾਵਾਂ ਅਤੇ ਸਬੰਧਤ ਵਿਭਾਗ ਦੇ ਮੁੱਖੀਆਂ ਨਾਲ ਮੇਲੇ ਦੀ ਸਮਾਪਤੀ ਉਪਰੰਤ ਸਫ਼ਾਈ ਸਬੰਧੀ ਦਫਤਰ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕਮਿਸ਼ਨਰ ਨਗਰ ਨਿਗਮ ਸ੍ਰੀ ਅਨੰਦ ਸਾਗਰ ਸ਼ਰਮਾ, ਮੇਅਰ ਨਗਰ ਨਿਗਮ ਸ੍ਰੀ ਸ਼ਿਵ ਸੂਦ, ਜਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ ਅਤੇ ਸੀਨੀਅਰ ਭਾਜਪਾ ਆਗੂ ਜਗਤਾਰ ਸਿੰਘ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਮੇਲੇ ਦੀ ਸਮਾਪਤੀ ਉਪਰੰਤ ਉਨ੍ਹਾਂ ਵੱਲੋਂ ਲੰਗਰ ਸਥਾਨਾਂ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਗਿਆ ਜਿਸ ਵਿੱਚ ਪਾਇਆ ਗਿਆ ਕਿ ਲੰਗਰ ਵਾਲੀਆਂ ਥਾਵਾਂ  ਦੇ ਆਲੇ-ਦੁਆਲੇ ਕਾਫ਼ੀ ਕੂੜਾ-ਕਰਕਟ, ਅਣ-ਵਰਤਿਆ ਜਾਂ ਜੂਠਾ ਭੋਜਣ ਇਧਰ-ਉਧਰ ਖਿਲਰਿਆ ਪਿਆ ਹੈ।  ਇਸ ਨਾਲ ਵਾਤਾਵਰਣ ਦੂਸ਼ਿਤ ਹੋਣ ਅਤੇ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹਦੂਦ ਵਿੱਚ ਪੈਂਦੇ ਏਰੀਏ ਦੀ ਸਫ਼ਾਈ ਨਿਗਮ ਦੇ ਕਰਮਚਾਰੀਆਂ ਵੱਲੋਂ ਕੀਤੀ ਜਾਵੇਗੀ ਅਤੇ ਬਾਕੀ ਏਰੀਏ ਵਿੱਚ ਲੰਗਰ ਲਗਾਉਣ ਵਾਲੀਆਂ ਕਮੇਟੀਆਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਸਵੈਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਹ ਟੀਮਾਂ 25 ਅਗਸਤ ਨੂੰ ਸਵੇਰੇ 8 ਵਜੇ ਧੋਬੀਘਾਟ ਤੋਂ ਰਵਾਨਾ ਕੀਤੀਆਂ ਜਾਣਗੀਆਂ।  ਉਨ੍ਹਾਂ ਕਿਹਾ ਕਿ ਬਣਾਈਆਂ ਗਈਆਂ ਟੀਮਾਂ ਵੱਲੋਂ ਸਫ਼ਾਈ ਦਾ ਕੰਮ ਇੱਕ ਦਿਨ ਵਿੱਚ ਹੀ ਮੁਕੰਮਲ ਕੀਤਾ ਜਾਵੇਗਾ ਅਤੇ ਇਕੱਤਰ ਕੀਤੇ ਗਏ ਕੂੜਾ-ਕਰਕਟ ਨੂੰ ਖੱਡਾਂ ਵਿੱਚ ਸੁੱਟਣ ਦੀ ਬਜਾਏ ਪਿੱਪਲਾਂਵਾਲਾ ਵਿਖੇ ਬਣੇ ਕੂੜਾ-ਕਰਕਟ ਦੇ ਡੰਪ ਵਿੱਚ ਸੁਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਵੈਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਲਈ ਸਫ਼ਾਈ ਦੌਰਾਨ ਨਈ ਸੋਚ ਸੰਸਥਾ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।  ਇਸ ਮੌਕੇ ਤੇ ਸ੍ਰੀ ਸੂਦ ਨੇ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਵਿਭਾਗ ਅਤੇ ਲੰਗਰ ਕਮੇਟੀਆਂ ਵੱਲੋਂ ਮਾਤਾ ਚਿੰਤਪੁਰਨੀ ਮੇਲੇ ਦੌਰਾਨ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ। ਮੇਅਰ ਨਗਰ ਨਿਗਮ ਸ੍ਰੀ ਸ਼ਿਵ ਸੂਦ ਨੇ ਮੀਟਿੰਗ ਦੌਰਾਨ ਦੱਸਿਆ ਕਿ ਨਵਰਾਤ੍ਰਿਆਂ ਦੀ ਸਮਾਪਤੀ ਉਪਰੰਤ ਸਫ਼ਾਈ ਮੁਹਿੰਮ ਤਹਿਤ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਸਿੰਗੜੀਵਾਲਾ  ਤੋਂ ਪ੍ਰਭਾਤ ਚੌਕ ਤੱਕ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ, ਨਹਿਰ ਦੀ ਪੁੱਲੀ ਤੋਂ ਆਦਮਵਾਲ ਤੱਕ ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਪ੍ਰਭਾਤ ਚੌਕ ਤੋਂ ਨਲੋਈਆਂ ਚੌਕ ਤੱਕ ਗੁਰਦੁਆਰਾ ਸ਼ਹੀਦ ਸਿੰਘਾ ਦੇ ਬਾਬਾ ਰਣਜੀਤ ਸਿੰਘ, ਪੁਰਹੀਰਾਂ ਬਾਈਪਾਸ ਤੋਂ ਸਰਕਾਰੀ ਕਾਲਜ ਚੌਕ ਤੱਕ ਮਹਾਂਵੀਰ ਸਪੀਨਿੰਗ ਮਿੱਲ, ਆਦਮਵਾਲ ਤੋਂ ਚੋਹਾਲ ਡੈਮ ਤੱਕ ਜੇ ਸੀ ਟੀ ਊਸ਼ਾ ਮਾਰਟਿਨ ਅਤੇ ਰਿਲਾਇੰਸ ਗਰੁੱਪ, ਬਿੱਲਾ ਬਰਿੱਕ ਵੱਲੋਂ ਮਾਈ ਬੇਰੀ ਤੋਂ ਪੈਟਰੋਲ ਪੰਪ ਤੱਕ, ਚੋਹਾਲ ਡੈਮ ਤੋਂ ਇੱਕ ਕਿਲੋਮੀਟਰ ਅੱਗੇ ਸੋਨਾਲੀਕਾ ਗਰੁੱਪ ਵੱਲੋਂ,  ਵੈਦ ਮੰਡਲ ਵੱਲੋਂ ਸ਼ਾਹ ਨੂਰ ਜਮਾਲ ਦੇ ਆਲੇ-ਦੁਆਲੇ, ਬੀ ਡੀ ਓ ਦਫ਼ਤਰ ਵੱਲੋਂ ਨਾਰੀ, ਮੰਗੂਵਾਲ ਅਤੇ ਸਲੇਰਨ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਅਤੇ ਪੁਲਿਸ ਵਿਭਾਗ ਵੱਲੋਂ ਪੰਜਾਬ ਦੀ ਹੱਦ ਤੋਂ ਇੱਕ ਕਿਲੋਮੀਟਰ ਅੰਦਰਲੇ ਪਾਸੇ ਸਫ਼ਾਈ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸੁਰਜੀਤ ਗੈਸ ਸਰਵਿਸ, ਗਊ ਸੇਵਾ ਸੁਸਾਇਟੀ, ਦੁਰਗਾ ਸੇਵਾ ਸੰਮਤੀ, ਜੈ ਮਾਂ ਦੇਵੀ ਸੰਸਥਾ, ਸਵਾਮੀ ਵਿਵੇਕਾਨੰਦ ਸੰਸਥਾ, ਟਾਈਮਜ਼ ਆਫ਼ ਯੂਥ, ਅਗਰਵਾਲ ਸਭਾ ਵੱਲੋਂ ਅੱਧਾ-ਅੱਧਾ ਕਿਲੋਮੀਟਰ ਏਰੀਏ ਵਿੱਚ ਸਫ਼ਾਈ ਕਰਨ ਲਈ ਭਰੋਸਾ ਦੁਆਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਇਸ ਸਫ਼ਾਈ ਮੁਹਿੰਮ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਹਾਜ਼ਰ ਸਵੈਸੇਵੀ ਸੰਸਥਾਵਾਂ ਅਤੇ ਲੰਗਰ ਕਮੇਟੀਆਂ ਵੱਲੋਂ ਸਾਫ਼-ਸਫ਼ਾਈ ਸਬੰਧੀ ਆਪਣੇ ਸੁਝਾਅ ਵੀ ਦਿੱਤੇ ਗਏ। ਹੋਰਨਾਂ ਤੋਂ ਇਲਾਵਾ ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਉਪ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਰਾਮਦੇਵ ਯਾਦਵ, ਯੂਥ ਆਗੂ ਭਾਜਪਾ ਨਿਤਿਨ ਗੁਪਤਾ ਨੰਨੂ, ਵਿਨੋਦ ਪਰਮਾਰ, ਸਵਦੇਸ਼ੀ ਜਾਗਰਣ ਮੰਚ ਕ੍ਰਿਸ਼ਨ ਸ਼ਰਮਾ, ਵਿਜੇ ਸੂਦ, ਵੱਖ-ਵੱਖ ਸਵੈਸੇਵੀ ਸੰਸਥਾਵਾਂ ਦੇ ਨੁਮਾਇੰਦੇ, ਨਗਰ ਨਿਗਮ ਦੇ ਕੌਂਸਲਰ ਅਤੇ ਸਬੰਧਤ ਕਰਮਚਾਰੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here