ਮੱਛੀ ਪਾਲਣ ਧੰਦੇ ਨੂੰ ਅਪਨਾਉਣ ਲਈ ਸਰਕਾਰ ਵੱਲੋਂ ਸਬਸਿਡੀ

indexਹੁਸ਼ਿਆਰਪੁਰ, 26 ਅਗਸਤ: ਮੱਛੀ ਪਾਲਣ ਖੇਤੀਬਾੜੀ ਵਿੱਚ ਵੰਨ ਸੁਵੰਨਤਾ ਲਿਆਉਣ ਵਾਲਾ ਸਹਾਇਕ ਧੰਦਾ ਹੈ। ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦਾ ਧੰਦਾ ਅਪਨਾਉਣ ਵਾਲੇ ਮੱਛੀ ਪਾਲਕਾਂ ਨੂੰ ਸਬਸਿਡੀ ਰੇਟਾਂ ‘ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਹੁਸ਼ਿਆਰਪੁਰ ਜਿਲ੍ਹੇ ਵਿੱਚ ਮੱਛੀ ਪਾਲਣ ਦਾ ਧੰਦਾ ਤਕਰੀਬਨ 1500 ਏਕੜ ਜਮੀਨ ਵਿੱਚ ਕੀਤਾ ਜਾ ਰਿਹਾ ਹੈ। ਇਸ ਧੰਦੇ ਰਾਹੀਂ ਕਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੱਛੀ ਪਾਲਣ ਧੰਦੇ ਵਿੱਚ ਘੱਟ ਖਰਚੇ ਅਤੇ ਰੱਖ ਰਖਾਵ ਰਾਹੀਂ ਵੱਧ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਧੰਦਾ ਪਿੰਡਾਂ ਦੇ ਪੰਚਾਇਤੀ ਛੱਪੜਾਂ ਅਤੇ ਸੇਮ ਵਾਲੀਆਂ ਬੇਕਾਰ ਜਮੀਨਾਂ ਵਿੱਚ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਹੁਸ਼ਿਆਰਪੁਰ ਜਿਲ੍ਹੇ ਦੇ ਖੇਤਰ ਦਾ ਮਿੱਟੀ ਅਤੇ ਪਾਣੀ ਇਸ ਧੰਦੇ ਲਈ ਢੁਕਵਾਂ ਹੈ। ਇਸ ਤੋਂ ਇਲਾਵਾ ਮੱਛੀ ਦਾ ਮੰਡੀਕਰਨ ਬਹੁਤ ਹੀ ਆਸਾਨ ਹੈ ਅਤੇ ਝੋਨੇ ਅਤੇ ਕਣਕ ਨਾਲੋਂ ਘੱਟ ਪਾਣੀ ਦੀ ਲੋੜ ਹੁੰਦੀ ਹੈ। ਜੇ ਆਮਦਨ ਦੇ ਪੱਖੋਂ ਦੇਖਿਆ ਜਾਵੇ ਤਾਂ ਇਸ ਧੰਦੇ ਵਿੰਚ ਫ਼ਸਲਾਂ ਨਾਲੋਂ ਤਿੰਨ ਗੁਣਾ ਲਾਭ ਖੱਟਿਆ ਜਾ ਸਕਦਾ ਹੈ। ਅੱਜ ਮੱਛੀ ਪਾਲਣ ਵਿੱਚ ਪੰਜਾਬ ਪੈਦਾਵਾਰ ਪੱਖੋਂ ਮੋਹਰੀ ਸੂਬਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਕਸਬਾ ਹਰਿਆਣਾ ਵਿਖੇ ਸਰਕਾਰੀ ਮੱਛੀ ਪੂੰਗ ਫਾਰਮ ਵਿੱਚ ਮੱਛੀ ਦੀਆਂ 6 ਵੱਖ-ਵੱਖ ਕਿਸਮਾਂ ਦਾ ਮਿਆਰੀ ਪੂੰਗ ਤਿਆਰ ਕਰਕੇ ਮੱਛੀ ਪਾਲਕਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਇਸ ਫਾਰਮ ਦਾ ਏਰੀਆ ਤਕਰੀਬਨ 28 ਕਿੱਲੇ ਹੈ। ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦਾ ਕੰਮ ਕਰਨ ਵਾਲੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਪਾਲਕ ਵਿਕਾਸ ਏਜੰਸੀ ਹੁਸ਼ਿਆਰਪੁਰ ਵੱਲੋਂ ਵੀ 5 ਦਿਨਾਂ ਦੀ ਸਿਖਲਾਈ ਮੁਫ਼ਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਨਵੇਂ ਤਲਾਬ ਦੀ ਉਸਾਰੀ ਲਈ 3 ਲੱਖ ਰੁਪਏ ਦੇ ਕਰਜੇ ਦੀ ਸਹੂਲਤ 50 ਪ੍ਰਤੀਸ਼ਤ ਸਬਸਿਡੀ ‘ਤੇ ਉਪਲਬੱਧ ਕਰਵਾਈ ਗਈ ਹੈ।  ਸਰਕਾਰ ਵੱਲੋਂ ਇੱਕ ਹੈਕਟੇਅਰ ਦੇ ਛੱਪੜ ਵਿੱਚ ਸੁਧਾਰ, ਪਹਿਲੇ ਸਾਲ ਦੀ ਖਾਦ ਤੇ ਖੁਰਾਕ, ਇੰਟੈਗਰੇਟਿਡ ਫੀਸ ਫਾਰਮਿੰਗ, ਤਲਾਬ ਵਿੱਚ ਐਕਸੀਜਨ ਵਾਲਾ ਯੰਤਰ ਲਗਾਉਣ, ਮੱਛੀ ਪੂੰਗ ਯੰਤਰ ਲਗਾਉਣ, ਫਿਸ਼ ਫੀਡ ਮਿਲ ਲਗਾਉਣ ਲਈ ਵੱਖ-ਵੱਖ ਸਬਸਿਡੀਆਂ ਤਹਿਤ ਕਰਜੇ ਮੁਹੱਈਆ ਕਰਾਉਣ ਦੀ ਸਹੂਲਤ ਉਪਲਬੱਧ ਕਰਵਾਈ ਜਾ ਰਹੀ ਹੈ। ਮੱਛੀ ਪਾਲਕ ਛੱਪੜਾਂ ਵਾਸਤੇ ਵਧੀਆ ਕਿਸਮ ਦਾ ਮੱਛੀ ਪੂੰਗ 100 ਰੁਪਏ ਪ੍ਰਤੀ ਹਜ਼ਾਰ ਦੀ ਰਿਆਇਤੀ ਦਰ ‘ਤੇ ਸਪਲਾਈ ਕੀਤਾ ਜਾਂਦਾ ਹੈ ਅਤੇ ਤਲਾਬਾਂ ਦੀ ਪਲ ਚੁੱਕੀ ਮੱਛੀ ਵੇਚਣ ਲਈ ਕਾਸ਼ਤਕਾਰਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੱਛੀ ਪਾਲਣ ਅਫ਼ਸਰ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

Advertisements

LEAVE A REPLY

Please enter your comment!
Please enter your name here