ਖੇਤੀਬਾੜੀ ਵਿਭਾਗ ਨੇ ਹੈਪੀ ਸੀਡਰ ਨਾਲ ਕਣਕ ਬੀਜਣ ਵਾਲੇ ਕਿਸਾਨਾਂ ਨਾਲ ਕੀਤੀ ਚਰਚਾ

ਪਠਾਨਕੋਟ (ਦ ਸਟੈਲਰ ਨਿਊਜ਼)। ਸਕੱਤਰ ਖੇਤੀਬਾੜੀ ਪੰਜਾਬ ਕਾਹਨ ਸਿੰਘ ਪੰਨੂੰ ਅਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਸਾਂਭ ਸੰਭਾਲ ਬਾਰੇ ਕੇਂਦਰੀ ਪ੍ਰਯੋਜਿਤ ਸਕੀਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਜਿਸ ਤਹਿਤ ਬਲਾਕ ਪਠਾਨਕੋਟ ਵਿੱਚ ਵੱਖ-ਵੱਖ ਪਿੰਡਾਂ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਵਾ ਕੇ 42 ਏਕੜ ਰਕਬੇ ਵਿੱਚ ਪ੍ਰਦਰਸ਼ਨੀਆਂ ਲਗਾਈਆਂ ਗਈਆਂ।

Advertisements

ਇਨਾਂ ਪ੍ਰਦਰਸ਼ਨੀਆਂ ਦੀ ਕਾਰਗੁਜ਼ਾਰੀ ਬਾਰੇ ਕਿਸਾਨਾਂ ਦੇ ਵਿਚਾਰ ਲੈਣ ਲਈ ਸਥਾਨਕ ਬਲਾਕ ਖੇਤੀਬਾੜੀ ਦਫਤਰ ਵਿੱਚ ਵਿਚਾਰ ਗੋਸ਼ਟੀ ਕੀਤੀ ਗਈ। ਇਸ ਵਿਚਾਰ ਗੋਸ਼ਟੀ ਵਿੱਚ ਹੈਪੀ ਸੀਡਰ ਨਾਲ ਬੀਜੀ ਕਣਕ ਦੀ ਕਾਰਗੁਜ਼ਾਰੀ ਬਾਰੇ ਆਪੋ ਆਪੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ, ਡਾ.ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ, ਗੋਬਿੰਦਰ ਸਿੰਘ, ਸਤਵਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਚਰਨ ਸਿੰਘ, ਸ਼ੇਰ ਸਿੰਘ, ਮੇਜਰ ਸਿੰਘ, ਨਵੀਨ ਕੁਮਾਰ ਹਾਜ਼ਰ ਸਨ।

ਕਣਕ ਦੀ ਫਸਲ ਦੀ ਕਰਾਗੁਜ਼ਾਰੀ ਬਾਰੇ ਪਿੰਡ ਸਿੰਬਲੀ ਰਾਈਆਂ ਦੇ ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ  ਦੋ ਏਕੜ ਜ਼ਮੀਨ ਰਕਬੇ ਵਿੱਚੋਂ ਇੱਕ ਏਕੜ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਹੈ, ਜੋ ਰਵਾਇਤੀ ਤਰੀਕੇ ਨਾਲ ਕਣਕ ਦੀ ਫਸਲ ਨਾਲੋਂ ਬੇਹਤਰ ਹੈ। ਉਹਨਾਂ ਦੱਸਿਆ ਕਿ ਸ਼ੁਰੂ ਵਿੱਚ ਡਰ ਲੱਗਦਾ ਸੀ ਪਰ ਹੁਣ ਫਸਲ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਰਵਾਇਤੀ ਤਕਨੀਕ ਨਾਲ ਬੀਜੀ ਕਣਕ ਦੀ ਫਸਲ ਨਾਲੋਂ ਹੈਪੀ ਸੀਡਰ ਨਾਲ ਬੀਜੀ ਕਣਕ ਦੀ ਫਸਲ ਨੂੰ 25 ਕਿਲੋ ਪ੍ਰਤੀ ਏਕੜ ਘੱਟ ਯੂਰੀਆ ਖਾਦ ਦੀ ਜ਼ਰੂਰਤ ਪਈ ਹੈ। ਪਿੰਡ ਅਨੇਹੜ ਦੇ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਸੁਪਰ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਬਿਜਾਈ ਤੋਂ 5 ਦਿਨ ਬਾਅਦ ਮੀਂਹ ਪੈਣ ਕਾਰਨ ਕਣਕ ਦੇ ਬੀਜ ਦਾ ਜੰਮ ਕੁਝ ਘੱਟ ਹੋਇਆ ਸੀ ਪਰ ਬੂਟੇ ਨੇ ਜਾੜ ਪੂਰਾ ਕਰ ਲਿਆ ਹੈ ਅਤੇ ਆਸ ਹੈ ਕਿ ਪੈਦਾਵਾਰ ਵਧੀਆ ਰਹੇਗੀ। ਪਿੰਡ ਨੌਸ਼ਹਿਰਾ ਨਲਬੰਦਾ ਦੇ ਕਿਸਾਨ ਸ਼ੇਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਵਹਾਈ ਤੇ ਖਰਚਾ ਘੱਟ ਆਊਂਣ ਦੇ ਨਾਲ ਨਾਲ ਨਦੀਨਨਾਸ਼ਕਾਂ ਤੇ ਹੋਣ ਵਾਲਾ ਖਰਚਾ ਬਚ ਗਿਆ ਹੈ ਕਿਉਂਕਿ ਖੇਤਾਂ ਵਿੱਚ ਪਰਾਲੀ ਰਹਣਿ ਕਾਰਨ ਨਦੀਨਾਂ ਦਾ ਜੰਮ ਬਹੁਤ ਘੱਟ ਹੋਇਆ ਹੈ। ਉਨਾਂ ਕਿਹਾ ਕਿ ਇਸ ਤਕਨੀਕ ਨਾਲ ਬੀਜੀ ਕਣਕ ਦੇ ਬੂਟਿਆਂ ਦਾ ਨਾੜ, ਆਮ ਵਿਧੀ ਨਾਲ ਬੀਜੀ ਕਣਕ ਦੇ ਬੂਟਿਆਂ ਦੇ ਨਾੜ ਨਾਲੋਂ ਕਾਫੀ ਮਜ਼ਬੂਤ ਹੈ।

ਉਹਨਾ ਕਿਹਾ ਕਿ ਬੂਟਿਆਂ ਦੇ ਤਣੇ ਮਜ਼ਬੂਤ ਹੋਣ ਕਾਰਨ ਅਣਸੁਖਾਵੇਂ ਮੌਸਮ ਵਿੱਚ ਵੀ ਹੈਪੀ ਸੀਡਰ ਨਾਲ ਬੀਜੀ ਕਣਕ ਨਹੀਂ ਡਿੱਗੀ। ਉਹਨਾਂ ਕਿਹਾ ਕਿ ਹੈਪੀ ਸੀਡਰ ਤਕਨੀਕ ਨਾਲ ਬੀਜੀ ਕਣਕ ਦੀ ਫਸਲ ਦੇ ਸਿੱਟੇ ਵੀ ਲੰਬੇ ਹਨ। ਪਿੰਡ ਨੌਸ਼ਹਿਰਾ ਨਲਬੰਦਾ ਦੇ ਹੀ ਕਿਸਾਨ ਗੋਬਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਦਾ ਪੀਲੀ ਕੁੰਗੀ ਬਿਮਾਰੀ ਤੋਂ ਵੀ ਬਚਾਅ ਰਿਹਾ ਹੈ ਅਤੇ ਕਿਸੇ ਕਿਸਮ ਦੇ ਛਿੜਕਾਅ ਦੀ ਜ਼ਰੂਰਤ ਨਹੀਂ ਪਈ ਅਤੇ ਪਰਾਲੀ ਨੂੰ ਖੇਤ ਵਿੱਚ ਵਾਹੁਣ ਨਾਲ ਭਾਰੀ ਜ਼ਮੀਨ ਪੋਲੀ ਹੋ ਜਾਂਦੀ ਹੈ ਜਿਸ ਕਾਰਨ ਜ਼ਮੀਨ ਦੀ ਪਾਣੀ ਸੋਖਣ ਦੀ ਸਮਰੱਥਾ ਵੀ ਵਧ ਜਾਂਦੀ ਹੈ।

ਪਿੰਡ ਭੋਆ ਦੇ ਕਿਸਾਨ ਨਵੀਨ ਕੁਮਾਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਖੇਤਾਂ ਵਿੱਚ ਹੋਣ ਕਾਰਨ ਨਦੀਨ ਨਾਂ ਉੱਗਣ ਕਾਰਨ ਨਦੀਨਨਾਸ਼ਕ ਦੀ ਵਰਤੋਂ ਨਹੀਂ ਕੀਤੀ। ਉਨਾਂ ਕਿਹਾ ਕਿ ਇਸ ਫਸਲ ਨੂੰ ਕਿਸੇ ਕਿਸਮ ਦੀ ਕੋਈ ਸਮਸਿਆ ਨਹੀਂ ਜਿਸ ਕਾਰਨ ਕਿਸੇ ਵੀ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਾ ਛਿੜਕਾਅ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਫਸਲ ਦੀ ਬੇਹਤਰ ਹਾਲਤ ਅਤੇ ਮਜ਼ਬੂਤ ਨਾੜ ਨੂੰ ਵੇਖ ਕੇ ਤੂੜੀ ਲੈਣ ਵਾਲੇ ਪਸ਼ੂਪਾਲਕ ਹੁਣ ਹੀ ਪੈਸੇ ਦੇ ਰਹੇ ਹਨ। ਉਨਾਂ ਕਿਹਾ ਕਿ ਭਵਿੱਖ ਵਿੱਚ ਹੈਪੀ ਸੀਡਰ ਤਕਨੀਕ ਦੀ ਸਫਲਤਾ ਨੂੰ ਵੇਖਦਿਆਂ ਪਿੰਡ ਭੋਆ ਦੇ ਹੋਰ ਕਿਸਾਨ ਅਗਲੇ ਸਾਲ ਇਸ ਤਕਨੀਕ ਨੂੰ ਅਪਨਾਉਣ ਲਈ ਕਹਿ ਰਹੇ ਹਨ।

ਇਸ ਮੌਕੇ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਯਕੀਨੀ ਬਣਾਇਆ ਜਾਵੇ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਵਾਲੇ ਖੇਤਾਂ ਨੂੰ ਤਵੀਆਂ ਨਾਲ ਵਾਹ ਕੇ ਹਰੀ ਖਾਦ ਦੀ ਬਿਜਾਈ ਕਰ ਲਈ ਜਾਵੇ ਤਾਂ ਜੋ ਜ਼ਮੀਨ ਦੀ ਸਿਹਤ ਦਾ ਸੁਧਾਰ ਹੋ ਸਕੇ ਅਤੇ ਕਣਕ ਦਾ ਨਾੜ ਅਤੇ ਖੇਤ ਵਿੱਚ ਪਈ ਝੋਨੇ ਦੀ ਪਰਾਲੀ ਸੜਨੋਂ ਬਚ ਜਾਵੇ। ਉਹਨਾ ਕਿਹਾ ਕਿ ਬੱਦਲਵਾਈ ਹੋਣ ਕਾਰਨ ਕਣਕ ਦੀ ਬੀਜ ਵਾਲੀ ਫਸਲ ਨੂੰ ਕਰਨਾਲ ਬੰਟ ਬਿਮਾਰੀ ਤੋਂ ਬਚਾਉਣ ਲਈ 200 ਮਿਲੀ ਲਿਟਰ ਪ੍ਰੋਪੀਕੋਨਾਜ਼ੋਲ ਪ੍ਰਤੀ ਏਕੜ ਦਾ ਛਿੜਕਾਅ ਕਰ ਦਿੱਤਾ ਜਾਵੇ। ਸਮੂਹ ਕਿਸਾਨਾਂ ਨੇ ਭਰੋਸਾ ਦਵਾਇਆਂ ਕਿ ਅਗਲੇ ਸਾਲ ਸਾਰੇ ਰਕਬੇ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਹੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here