ਹਲਕਾ ਪਾਣੀ ਦੇ ਕੇ ਝੋਨੇ ਦੀ ਕਰੰਡ ਹੋਈ ਫਸਲ ਨੂੰ ਕੀਤਾ ਜਾ ਸਕਦਾ ਹੈ ਸਹੀ: ਡਾ. ਅਮਰੀਕ

ਪਠਾਨਕੋਟ (ਦ ਸਟੈਲਰ ਨਊਜ਼)। ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦਾ ਲਗਾਤਾਰ ਨੀਂਵਾਂ ਜਾਣ ਅਤੇ ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਸੰਭਾਵਤ ਘਾਟ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਨੂੰ ਸਮਰਪਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਕਿਸਾਨਾਂ ਵੱਲੋਂ ਬਹੁਤ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਖੇਤੀਬਾੜੀ ਮਾਹਿਰਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਦੇਣ ਲਈ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਜੇਕਰ ਕੋਈ ਮੁਸ਼ਕਿਲ ਪੇਸ਼ ਆਵੇ ਤਾਂ ਸਹੀ ਤਕਨੀਕੀ ਸੇਧ ਦਿੱਤੀ ਜਾ ਸਕੇ।

Advertisements

ਇਸੇ ਲੜੀ ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸੁਭਾਸ਼ ਚੰਦਰ, ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਵੱਲੋਂ ਪਿੰਡ ਨੌਸ਼ਹਿਰਾ ਨਲਬੰਦਾ, ਮਾਹੀਚੱਕ, ਚਛਮਾ, ਕੁੰਡੇ ਫਿਰੋਜਪੁਰ ਅਤੇ ਸ਼ਹੀਦਪੁਰ ਵਿੱਚ ਝੋਨੇ ਦੀ ਸਿਧੀ ਬਿਜਾਈ ਦਾ ਜਾਇਜ਼ਾ ਲਿਆ ਗਿਆ। ਇਨਾਂ ਤੋਂ ਇਲਾਵਾ ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਜੀਵਨ ਲਾਲ, ਜੀਵਨ ਲਾਲ, ਰਘਬੀਰ ਸਿੰਘ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ) ਸਮੇਤ ਕਿਸਾਨ ਵੀ ਹਾਜ਼ਰ ਸਨ।

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ, ਕਰੋਨਾ ਵਾਇਰਸ ਦੇ ਚੱਲਦਿਆਂ ਝੋਨੇ ਦੀ ਲਵਾਈ ਸਮੇਂ ਆਉਣ ਵਾਲੀ, ਮਜ਼ਦੂਰਾਂ ਦੀ ਸੰਭਾਵਤ ਘਾਟ ਦਾ ਇਕ ਬੇਹਤਰ ਵਿਕਲਪ ਸਿੱਧ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਸੁਰੂ ਕੀਤਾ ਗਿਆ ਹੈ ਜਿਸ ਅਧੀਨ ਕਰੋਨਾ ਨਾਲ ਪ੍ਰਭਾਵਿਤ ਲੋਕਾਂ ਨੂੰ ਜਾਗਰੁਕ ਕਰਨਾ ਕਿ ਅਸੀਂ ਪੇਸ ਆਉਂਣ ਵਾਲੀਆਂ ਸਮੱਸਿਆਵਾਂ ਨੂੰ ਕਿਵੇ ਦੂਰ ਕਰ ਸਕਦੇ ਹਾਂ। ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਲਈ ਬਹੁਤ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਖੇਤੀ ਸੰਦਾਂ ਤੇ ਹੋਣ ਵਾਲੇ ਖਰਚੇ ਘਟਾਉਣ ਦੇ ਮਕਸਦ ਨਾਲ ਛੇ ਕਣਕ ਬੀਜਣ ਵਾਲੀਆਂ ਬੀਜ ਡਰਿੱਲਾਂ ਵਿੱਚ ਕੁਝ ਤਬਦੀਲੀ ਕਰਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਕੀਤੇ ਦੌਰੇ ਦੌਰਾਨ ਦੇਖਿਆ ਗਿਆ ਹੈ ਕਿ ਪਿਛਲੇ ਦਿਨੀ ਹੋਈ ਹਲਕੀ ਬਾਰਸ਼ ਕਾਰਨ ਸਿੱਧੀ ਬਿਜਾਈ ਵਾਲੀ ਫਸਲ ਕਰੰਡ ਹੋ ਗਈ ਜਿਸ ਕਾਰਨ ਬੀਜ ਦਾ ਪੂਰਾ ਜੰਮ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਝੋਨੇ ਦੇ ਬੀਜ ਦੇ ਪੂਰੇ ਜੰਮ ਲਈ ਕਰੰਡ ਤੋੜਣੀ ਬਹੁਤ ਜ਼ਰੂਰੀ ਹੈ।

ਉਹਨਾ ਕਿਹਾ ਕਿ ਜੇਕਰ ਬੀਜ ਅਜੇ ਨਹੀਂ ਉਗਿਆ ਤਾਂ ਕਰੰਡ ਤੋੜਣ ਲਈ ਡਰਿੱਲ ਨੂੰ ਤਕਰੀਬਨ ਅੱਧਾ ਇੰਚ ਡੂੰਘਾ ਚਲਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਬੀਜ ਨਹੀਂ ਉੱਗਿਆ ਤਾਂ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਬੀਜ ਨਹੀਂ ਉੱਗ ਸਕਿਆ, ਉਹ ਉੱਗ ਜਾਵੇ। ਉਹਨਾਂ ਕਿਹਾ ਕਿ ਬਿਜਾਈ ਸਮੇਂ ਨਦੀਨਨਾਸ਼ਕ ਦਾ ਛਿੜਕਾਅ ਕਰਨ ਬਾਵਜੂਦ ਜੇਕਰ ਨਦੀਨ ਉੱਗ ਗਏ ਤਾਂ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 20-25 ਦਿਨਾਂ ਬਾਅਦ ਨਦੀਨਨਾਸ਼ਕਾਂ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਝੋਨੇ ਦੀ ਫਸਲ ਵਿੱਚ ਸਵਾਂਕ ਅਤੇ ਮੋਥਾ ਨਦੀਨ ਹਨ ਤਾਂ 100 ਮਿਲੀ ਲਿਟਰ ਬਿਸਪਾਈਰੀਬੈਕ 10 ਐਸਸੀ (ਨੋਮਨੀਗੋਲਡ) ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਜੇਕਰ ਖੇਤ ਵਿੱਚ ਗੁੜਤ ਮਧਾਣਾ, ਚੀਨੀ ਘਾਹ, ਚਿੜੀ ਘਾਹ ਆਦਿ ਨਦੀਨ ਹਨ ਤਾਂ 400 ਮਿਲੀ ਲਿਟਰ ਫਿਨੌਕਸਾ-ਪੀ-ਈਥਾਈਲ( ਰਾਈਸਸਟਾਰ) ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰੋ। ਉਹਨਾਂ ਕਿਹਾ ਕਿ ਜੇਕਰ ਚੌੜੇ ਪੱਤੇ ਵਾਲੇ ਨਦੀਨ, ਮੋਥਾ, ਗੰਡ ਵਾਲਾ ਡੀਲਾ ਹੈ ਤਾਂ 8 ਗ੍ਰਾਮ ਐਲਮਿਕਸ ਪ੍ਰਤੀ ਏਕੜ ਦਾ ਛਿੜਕਾਅ ਕਰੋ। ਉਹਨਾਂ ਕਿਹਾ ਕਿ ਇਸ ਗੱਲ ਦਾ ਖਿਆਲ ਰੱਖੋ ਕਿ ਨਦੀਨਨਾਸ਼ਕ ਦਾ ਛਿੜਕਾਅ ਕਰਦੇ ਸਮੇਂ ਖੇਤ ਵਿੱਚ ਸਿੱਲ ਜ਼ਰੂਰ ਹੋਵੇ ਅਤੇ ਕੱਟ ਵਾਲੀ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਮਨਦੀਪ ਕੌਰ ਨੇ ਕਿਹਾ ਕਿ ਸਿੱਧੀ ਬੀਜੀ ਝੋਨੇ ਦੀ ਫਸਲ ਨੂੰ 130 ਕਿਲੋ ਯੂਰੀਆ ਤਿੰਨ ਬਰਾਬਰ ਕਿਸ਼ਤਾਂ ਵਿੱਚ ਬਿਜਾਈ ਤੋਂ ਚੌਥੇ, ਛੇਵੇਂ ਅਤੇ ਨੌਵੇਂ ਹਫਤੇ ਪਾ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਾਸਮਤੀ ਝੋਨੇ ਨੂੰ 54 ਕਿਲੋ ਯੂਰੀਆ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਤੀਜੇ, ਛੇਵੇਂ ਅਤੇ ਨੌਵੇਂ ਹਫਤੇ ਬਾਅਦ ਪਾ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਕੁਝ ਪੀਲੀ ਦਿਖਾਈ ਦਿੰਦੀ ਹੈ ਤਾਂ ਇੱਕ ਕਿਲੋ ਫੈਰਿਸ ਸਲਫੇਟ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦਿਉ।

LEAVE A REPLY

Please enter your comment!
Please enter your name here