ਵਿਭਾਗ ਨੇ ਕੋਰੋਨਾਵਾਇਰਸ ਨਾਲ ਲੜਨ ਲਈ 1.60 ਕਰੋੜ ਰੁਪਏ ਸਹਾਇਤਾ ਵਜੋਂ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੇ: ਸੁਖਬਿੰਦਰ ਸਰਕਾਰੀਆ

ਚੰਡੀਗੜ (ਦ ਸਟੈਲਰ ਨਿਊਜ਼)। ਦੁਨੀਆਂ ਭਰ ਵਿਚ ਫੈਲੀ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਵੱਖ-ਵੱਖ ਕਾਡਰਾਂ ਵਿਚ 100 ਤੋਂ ਵੀ ਜ਼ਿਆਦਾ ਤਰੱਕੀਆਂ ਕੀਤੀਆਂ ਗਈਆਂ ਹਨ। ਇਹ ਤਰੱਕੀਆਂ ਗਰੁੱਪ ਏ, ਬੀ ਅਤੇ ਸੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਕੀਤੀਆਂ ਗਈਆਂ ਹਨ। ਇਕ ਬੁਲਾਰੇ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪਹਿਲਕਦਮੀ ਸਦਕਾ ਕੁੱਲ 104 ਅਧਿਕਾਰੀਆਂ/ਕਰਮਚਾਰੀਆਂ ਨੂੰ ਕਰਫਿਊ ਅਤੇ ਲਾਕ ਡਾਊਨ ਦੌਰਾਨ ਤਰੱਕੀਆਂ ਦਿੱਤੀਆਂ ਗਈਆਂ ਹਨ। ਇਨਾਂ ਵਿਚ ਬਹੁਤ ਸਾਰੇ ਅਧਿਕਾਰੀ ਅਜਿਹੇ ਸਨ ਜੋ ਸੇਵਾਮੁਕਤੀ ਦੇ ਨਜ਼ਦੀਕ ਸਨ ਅਤੇ ਕੁਝ ਅਧਿਕਾਰੀ ਆਉਣ ਵਾਲੇ ਸਮੇਂ ਵਿਚ ਸੇਵਾਮੁਕਤ ਹੋ ਰਹੇ ਹਨ।

Advertisements

ਜਲ ਸਰੋਤ ਵਿਭਾਗ ਵਿਚ ਹੋਈਆਂ ਤਰੱਕੀਆਂ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 5 ਨਿਗਰਾਨ ਇੰਜੀਨੀਅਰਾਂ ਨੂੰ ਮੁੱਖ ਇੰਜੀਨੀਅਰ ਵੱਜੋਂ ਤਰੱਕੀ ਦਿੱਤੀ ਗਈ ਹੈ ਜਦਕਿ 25 ਕਾਰਜਕਾਰੀ ਇੰਜੀਨੀਅਰਾਂ ਨੂੰ ਤਰੱਕੀ ਦੇ ਕੇ ਨਿਗਰਾਨ ਇੰਜੀਨੀਅਰ ਬਣਾਇਆ ਗਿਆ ਹੈ। ਇਸੇ ਤਰਾਂ 43 ਜੇ.ਈ./ਸਹਾਇਕ ਇੰਜੀਨੀਅਰਾਂ ਨੂੰ ਤਰੱਕੀ ਦੇ ਕੇ ਉਪ ਮੰਡਲ ਅਫਸਰ (ਐਸ.ਡੀ.ਓ.) ਬਣਾਇਆ ਗਿਆ ਹੈ ਅਤੇ 31 ਮਾਲ ਕਲਰਕਾਂ/ਮੁੱਖ ਮਾਲ ਕਲਰਕਾਂ ਨੂੰ ਜ਼ਿਲੇਦਾਰ ਵੱਜੋਂ ਤਰੱਕੀ ਦਿੱਤੀ ਗਈ ਹੈ। ਬਹੁਤ ਸਾਰੇ ਜ਼ਿਲੇਦਾਰਾਂ ਨੇ ਸਿਖਲਾਈ ਸ਼ੁਰੂ ਵੀ ਕਰ ਦਿੱਤੀ ਹੈ। ਇਨਾਂ ਤਰੱਕੀਆਂ ਨਾਲ ਵਿਭਾਗ ਦੇ ਕੰਮ ਵਿਚ ਚੁਸਤੀ ਅਤੇ ਤੇਜ਼ੀ ਆਈ ਹੈ।

ਵਿਭਾਗ ਦੇ ਕਰਮਚਾਰੀਆਂ/ਅਧਿਕਾਰੀਆਂ ਵੱਲੋਂ ਕਰਫਿਊ ਅਤੇ ਲਾਕ ਡਾਊਨ ਦੌਰਾਨ ਕੀਤੇ ਕਾਰਜਾਂ ਦੀ ਜਲ ਸਰੋਤ ਮੰਤਰੀ ਨੇ ਕਈ ਵਾਰ ਸ਼ਲਾਘਾ ਕੀਤੀ ਹੈ। ਕਾਬਿਲੇਗੌਰ ਹੈ ਕਿ ਜਲ ਸਰੋਤ ਵਿਭਾਗ ਪੰਜਾਬ ਦੀ ਕਿਸਾਨੀ ਲਈ ਬਹੁਤ ਅਹਿਮ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਵਿਭਾਗ ਨੇ ਲਾਕਡਾਊਨ/ਕਰਫਿਊ ਦੌਰਾਨ ਮਿਸਾਲੀ ਕੰਮ ਕੀਤੇ ਹਨ। ਬੁਲਾਰੇ ਅਨੁਸਾਰ ਲਾਕਡਾਊਨ ਦੌਰਾਨ ਵੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਰਜਬਾਹਿਆਂ, ਡਰੇਨਾਂ ਅਤੇ ਮਾਈਨਰਾਂ ਦੀ ਸਫ਼ਾਈ ਕਾਰਜਾਂ ਵਿੱਚ ਜੁਟੇ ਰਹੇ ਹਨ। ਇਸ ਤੋਂ ਇਲਾਵਾ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਕੋਰੋਨਾਵਾਇਰਸ ਨਾਲ ਲੜਨ ਲਈ 1.60 ਕਰੋੜ ਰੁਪਏ ਸਹਾਇਤਾ ਵਜੋਂ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੇ ਹਨ।

ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ‘ਤੇ ਵੀ ਕੰਮ ਜਾਰੀ ਰਿਹਾ। ਉਨਾਂ ਦੱਸਿਆ ਕਿ ਕੋਵਿਡ ਤੋਂ ਬਚਾਅ ਸਬੰਧੀ ‘ਮਿਸ਼ਨ ਫਤਿਹ‘ ਤਹਿਤ ਦੱਸੇ ਸਾਰੇ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਂਦੇ ਹੋਏ ਜਲ ਸਰੋਤ ਵਿਭਾਗ ਨੇ 29 ਅਪਰੈਲ, 2020 ਨੂੰ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਕੀਤਾ ਸੀ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਅਗਸਤ 2023 ਤੱਕ ਬਿਜਲੀ ਉਤਪਾਦਨ ਸ਼ੁਰੂ ਹੋਣ ਦੀ ਆਸ ਹੈ। ਇਸ ਨਾਲ ਰਾਜ ਵਿੱਚ ਸਿੰਜਾਈ ਪ੍ਰਣਾਲੀ ਅਤੇ ਵਾਤਾਵਰਨ ਪੱਖੀ ਬਿਜਲੀ ਉਤਪਾਦਨ ਵਿੱਚ ਹੋਰ ਸੁਧਾਰ ਆਵੇਗਾ।

LEAVE A REPLY

Please enter your comment!
Please enter your name here