ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਲਈ ਤਾਇਨਾਤ ਕੀਤੇ ਜਾਣ ਕੋਵਿਡ ਮੋਨੀਟਰ: ਡਿਪਟੀ ਕਮਿਸ਼ਨਰ

ਜਲੰਧਰ(ਦ ਸਟੈਲਰ ਨਿਊਜ਼)। ਕੋਵਿਡ-19 ਮਹਾਂਮਾਰੀ ਦੇ ਮੱਦੇ ਨਜ਼ਰ ਸਾਰੇ ਵਪਾਰਕ ਅਦਾਰਿਆਂ, ਉਦਯੋਗਿਕ ਇਕਾਈਆਂ ਅਤੇ ਜਿਥੇ ਵੀ 20 ਤੋਂ ਜ਼ਿਆਦਾ ਲੋਕ ਇਕੱਠੇ ਹੁੰਦੇ ਹਨ, ਲੋਕ ਹਿੱਤ ਨੂੰ ਮੁੱਖ ਰੱਖਦਿਆਂ ਕੋਵਿਡ ਤੋਂ ਸੁਰੱਖਿਆ ਲਈ ਅਪਣਾਏ ਜਾਣ ਵਾਲੇ ਸਾਰੇ ਸਿਹਤ ਪ੍ਰੋਟਕਾਲਾਂ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਵਪਾਰਕ ਤੇ ਉਦਯੋਗਿਕ ਯੂਨਿਟਾਂ ਦੁਆਰਾ ਕੋਵਿਡ ਮੋਨੀਟਰ ਤਾਇਨਾਤ ਕਰਵਾਏ ਜਾਣਗੇ।
ਜ਼ਿਲੇ ਵਿੱਚ ਕੋਵਿਡ ਦੀ ਮੌਜੂਦਾ ਸਥਿਤੀ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਿਵਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜਿਥੋਂ ਤੱਕ ਇਸ ਬਿਮਾਰੀ ਦੀ ਕੋਈ ਦਵਾਈ ਨਹੀਂ ਆ ਜਾਂਦੀ , ਉਦੋਂ ਤੱਕ ਇਸ ਤੋਂ ਬਚਾਅ ਲਈ ਸਮਾਜਿਕ ਦੂਰੀ ਅਤੇ ਸਹੀ ਢੰਗ ਨਾਲ ਮਾਸਕ ਪਾਉਣਾ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਬਹੁਤ ਜਰੂਰੀ ਹਨ। ਉਨਾਂ ਕਿਹਾ ਕਿ ਕੋਵਿਡ ਮੋਨੀਟਰਾਂ ਵਲੋਂ ਕੋਵਿਡ ਤੋਂ ਬਚਾਅ ਲਈ ਅਪਣਾਏ ਜਾਣ ਵਾਲੇ ਸਿਹਤ ਪ੍ਰੋਟੋਕਾਲ ਦੀ ਪਾਲਣਾ ਨੂੰ ਬਿਨਾਂ ਕਿਸੇ ਢਿੱਲ ਦੇ ਕਰਮਚਾਰੀਆਂ ਅਤੇ ਕਾਮਿਆਂ ਪਾਸੋਂ ਯਕੀਨੀ ਬਣਾਇਆ ਜਾਵੇਗਾ।
ਸ੍ਰੀ ਥੋਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੋਵਿਡ ਮੋਨੀਟਰ ਵਲੋਂ ਪੂਰੀ ਤਰਾਂ ਚੌਕਸ ਰਹਿੰਦਿਆਂ ਕਿਸੇ ਵੀ ਕਾਮੇ ਜਾਂ ਕਰਮਚਾਰੀ ਵਿੱਚ ਕੋਵਿਡ ਬਿਮਾਰੀ ਦੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਉਚ ਅਥਾਰਟੀਆਂ ਨੂੰ ਜਾਣੂੰ ਕਰਵਾਇਆ ਜਾਵੇਗਾ। ਸ੍ਰੀ ਥੋਰੀ ਨੇ ਕਿਹਾ ਕਿ ਉਨਾਂ ਵਲੋਂ ਸਿਹਤ ਟੀਮਾਂ ਦੁਆਰਾ ਟੈਸਟ ਕਰਵਾਉਣ ਅਤੇ ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਉਦੋਂ ਤੱਕ ਅਲੱਗ ਰਹਿਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ।

Advertisements

ਸ੍ਰੀ ਥੋਰੀ ਨੇ ਕਿਹਾ ਕਿ ਕੋਵਿਡ ਮੋਨੀਟਰ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੀ ਜਲਦੀ ਪਹਿਚਾਣ ਅਤੇ ਜਲਦੀ ਇਲਾਜ ਵਿੱਚ ਮਦਦ ਕਰਕੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਈ ਸਿੱਧ ਹੋਣਗੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਵਪਾਰਕ ਅਤੇ ਉਦਯੋਗਿਕ ਯੂਨਿਟਾਂ ਤੋਂ ਇਲਾਵਾ ਜਿਥੇ 20 ਤੋਂ ਜ਼ਿਆਦਾ ਲੋਕ ਇਕੱਤਰ ਹੁੰਦੇ ਹਨ, ਵਿਖੇ ਕੋਵਿਡ ਮੋਨੀਟਰ ਜਲਦ ਤੋਂ ਜਲਦ ਤਾਇਨਾਤ ਕੀਤੇ ਜਾਣ।

ਸ੍ਰੀ ਥੋਰੀ ਨੇ ਅੱਗੇ ਦੱਸਿਆ ਕਿ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਘੱਟੋ-ਘੱਟ 10 ਲੋਕਾਂ ਦੀ ਜਲਦ ਸ਼ਨਾਖਤ ਲਈ 75 ਨਵੀਆਂ ਸੰਪਰਕ ਤਲਾਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕੋਵਿਡ-19 ਦੀ ਕੜੀ ਨੂੰ ਤੋੜਿਆ ਜਾ ਸਕੇ। ਉਨਾਂ ਕਿਹਾ ਕਿ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਲਈ ਬੈਡਾਂ ਦੀ ਉਪਲਬੱਧਤਾ ਨੂੰ ਵਧਾਉਣ ਤੋਂ ਇਲਾਵਾ ਜ਼ਿਲ•ੇ ਵਿੱਚ ਲਗਾਤਾਰ ਸਿਹਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆ ਕੇ  ਮਜ਼ਬੂਤ ਕੀਤਾ ਜਾ ਰਿਹਾ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.ਸ੍ਰੀ ਸਤਿੰਦਰ ਸਿੰਘ ਜਿਨਾਂ ਵਲੋਂ ਅਪਣੇ ਦਫ਼ਤਰਾਂ ਤੋਂ ਵੀਡੀਓ ਕਾਨਫਰੰਸਿਗ ਵਿੱਚ ਸ਼ਮੂਲੀਅਤ ਕੀਤੀ ਗਈ ਨੇ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਪਹਿਲਾਂ ਹੀ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਮੁਹਿੰਮ ਤੇਜ਼ ਕੀਤੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜੁਆਇੰਟ ਕਮਿਸ਼ਨਰ ਨਗਰ ਨਿਗਮ ਹਰਚਰਨ ਸਿੰਘ, ਇਨਾਇਕ, ਅਸਟੇਟ ਅਫ਼ਸਰ ਪੁੱਡਾ ਨਵਨੀਤ ਕੌਰ ਬੱਲ ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here