ਹੁਣ 10 ਨਿੱਜੀ ਹਸਪਤਾਲਾਂ/ ਲੈਬਜ਼/ਡਾਇਗਨੋਸਟਿਕ ਸੈਂਟਰਾਂ ਵਿੱਚ ਟੈਸਟ ਲਈ ਦੇਣੇ ਪੈਣਗੇ ਸਿਰਫ਼ 250 ਰੁਪਏ : ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਸੰਭਾਵੀ ਕੋਵਿਡ ਕੇਸਾਂ ਦਾ ਜਲਦੀ ਤੋਂ ਜਲਦੀ ਪਤਾ ਲਗਾ ਕੇ ਅਤੇ ਉਹਨਾਂ ਦਾ ਇਲਾਜ ਕਰਕੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਠੱਲ ਪਾਉਣ ਲਈ 10 ਪ੍ਰਾਈਵੇਟ ਹਸਪਤਾਲ/ ਲੈਬਜ਼/ ਡਾਇਗਨੋਸਟਿਕ ਸੈਂਟਰਾਂ ਨੇ ਅੱਗੇ ਆ ਕੇ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਸਿਰਫ 250 ਰੁਪਏ ਵਿੱਚ ਰੈਪਿਡ ਐਂਟੀਜੇਨ ਟੈਸਟ ਦੀ ਪੇਸ਼ਕਸ਼ ਕੀਤੀ ਹੈ।

Advertisements

ਜਲੰਧਰ ਵਿੱਚ ਕੋਵਿਡ ਪ੍ਰਬੰਧਨ ਬਾਰੇ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ ਜਲੰਧਰ ਵਿੱਚ ਸੱਤ ਪ੍ਰਾਈਵੇਟ ਹਸਪਤਾਲਾਂ, ਦੋ ਡਾਇਗਨੌਸਟਿਕ ਸੈਂਟਰਾਂ ਅਤੇ ਇੱਕ ਲੈਬ ਨੂੰ 900 ਰੈਪਿਡ ਐਂਟੀਜੇਨ ਕਿੱਟਾਂ ਦਿੱਤੀਆਂ ਹਨ।
ਉਹਨਾਂ  ਦੱਸਿਆ ਕਿ 500 ਕਿੱਟਾਂ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨੂੰ, 100 ਟੈਗੋਰ ਹਸਪਤਾਲ ਨੂੰ, 100 ਕਿੱਟਾਂ ਮਿਲਟਰੀ ਹਸਪਤਾਲ ਨੂੰ, 50 ਕਿੱਟਾਂ ਪੰਜਾਬ ਡਾਇਗਨੌਸਟਿਕ ਨੂੰ   ਅਤੇ ਜੋਹਲ ਹਸਪਤਾਲ, ਅਕਿਓਰਾ ਡਾਇਗਨੌਸਟਿਕ, ਰਣਜੀਤ ਹਸਪਤਾਲ, ਅਲਫ਼ਾ ਕਲੀਨੀਕਲ ਲੈਬ, ਮੈਟਰੋ ਹਸਪਤਾਲ ਅਤੇ ਅਰਮਾਨ ਹਸਪਤਾਲ ਨੂੰ 25-25 ਕਿੱਟਾਂ ਦਿੱਤੀਆਂ ਗਈਆਂ ਹਨ।
 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਿੱਟਾਂ ਸਿਹਤ ਵਿਭਾਗ ਵੱਲੋਂ ਇਹਨਾਂ ਸਿਹਤ ਸੰਸਥਾਵਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਗਈਆਂ ਹਨ ਕਿਉਂਕਿ ਇਹਨਾਂ ਸੰਸਥਾਵਾਂ ਨੇ ਖ਼ੁਦ ਲੋਕਾਂ ਦੇ ਟੈਸਟ ਕਰਨ ਦੀ ਇੱਛਾ ਪ੍ਰਗਟਾਈ ਅਤੇ ਸਿਹਤ ਵਿਭਾਗ ਤੱਕ ਪਹੁੰਚ ਕੀਤੀ ।
ਉਨ•ਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ/ ਲੈਬ ਮਰੀਜ਼ ਤੋਂ ਇਹ ਟੈਸਟ ਕਰਨ ਦੇ ਵੱਧ ਤੋਂ ਵੱਧ 250 ਰੁਪਏ ਵਸੂਲ ਸਕਦੇ ਹਨ ਅਤੇ ਇਕ ਵਾਰ ਸਟਾਕ ਖ਼ਤਮ ਹੋਣ ‘ਤੇ ਇਹ ਕਿੱਟਾਂ ਉਹਨਾਂ ਨੂੰ ਸਿਹਤ ਵਿਭਾਗ ਵੱਲੋਂ ਸਪਲਾਈ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕੰਟਰੋਲ ਰੂਮ ਨੰਬਰ 0181-2224417 ਸਾਂਝਾ ਕਰਦਿਆਂ ਕਿਹਾ ਕਿ ਜੇਕਰ ਲੋਕਾਂ ਨੂੰ 250 ਰੁਪਏ ਟੈਸਟ ਕਰਵਾਉਣ ਵਿਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਇਸ ਨੰਬਰ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਉਹਨਾਂ ਕਿਹਾ ਕਿ ਇਹਨਾਂ ਨਿੱਜੀ ਹਸਪਤਾਲਾਂ/ ਲੈਬਜ਼ ਵੱਲੋਂ ਕੋਵਿਡ -19 ਦੇ ਸ਼ੱਕੀ ਮਰੀਜ਼ਾਂ ਲਈ ਵੱਖਰੀ ਥਾਂ ਨਿਸ਼ਚਿਤ ਕੀਤੀ ਗਈ ਹੈ, ਜਿਥੇ ਸੈਂਪਲ ਲਏ ਜਾਣਗੇ। ਉਹਨਾਂ ਕਿਹਾ ਕਿ ਸੈਂਪਲ ਲੈਣ ਵਾਲੇ ਵਿਅਕਤੀ ਨੂੰ ਪੂਰਨ ਰੂਪ ਵਿੱਚ ਨਿੱਜੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਸੰਸਥਾਵਾਂ ਨੂੰ ਹਦਾਇਤਾਂ ਅਨੁਸਾਰ ਜਾਂਚ ਦੌਰਾਨ ਪੈਦਾ ਹੋਣ ਵਾਲੇ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਲਾਗ ਇਨ ਆਈ ਡੀ ਦੀ ਵਰਤੋਂ ਕਰਦਿਆਂ ਸਾਰੇ ਰੈਪਿਡ ਐਂਟੀਜਨ ਟੈਸਟ ਦੇ ਨਤੀਜਿਆਂ ਨੂੰ ਆਈਸੀਐਮਆਰ ਪੋਰਟਲ ਉਤੇ ਦਰਜ ਕੀਤੇ ਜਾਣਾ ਚਾਹੀਦਾ ਹੈ। ਉਹਨਾਂ ਨਿੱਜੀ ਅਦਾਰਿਆਂ ਨੂੰ ਮਰੀਜ਼ਾਂ ਦੇ ਰਿਕਾਰਡ ਦੀ ਗੁਪਤਤਾ ਕਾਇਮ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਮੁੱਖ ਸਕੱਤਰ ਵਿੰਨੀ ਮਹਾਜਨ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵੀ ਵੀਡਿਓ ਕਾਨਫਰੰਸ ਕੀਤੀ, ਜਿਸ ਵਿਚ ਪੰਜਾਬ ਵਿਚ ਕੋਵਿਡ -19 ਦੇ ਪ੍ਰਬੰਧਨ ਦੀ ਸਮੀਖਿਆ ਕੀਤੀ ਗਈ। ਇਸ ਸਮੇਂ ਪ੍ਰਮੁੱਖ ਤੌਰ ‘ਤੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਪੁੱਡਾ ਅਸਟੇਟ ਅਫ਼ਸਰ ਨਵਨੀਤ ਕੌਰ ਬੱਲ ਅਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here