ਪੁਲਿਸ ਨੇ 24 ਘੰਟਿਆਂ ਵਿੱਚ 17 ਸਾਲਾ ਲੜਕੇ ਦੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋਸਤ ਗ੍ਰਿਫਤਾਰ

ਜਲੰਧਰ (ਦ ਸਟੈਲਰ ਨਿਊਜ਼)। ਸੋਮਵਾਰ ਸ਼ਾਮ ਛਾਉਣੀ ਖੇਤਰ ਵਿੱਚ ਲਾਲ ਕੁਰਤੀ ਮਾਰਕੀਟ ਵਿਚ ਹੋਏ 17 ਸਾਲਾ ਲੜਕੇ ਦੇ ਕਤਲ ਦੀ ਗੁੱਥੀ ਨੂੰ ਕਮਿਸ਼ਨਰੇਟ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਉਂਦਿਆਂ ਮੰਗਲਵਾਰ ਨੂੰ ਇਸ ਕੇਸ ਵਿੱਚ ਮ੍ਰਿਤਕ ਦੇ ਨਾਬਾਲਿਗ ਦੋਸਤ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਛਾਉਣੀ ਪੁਲਿਸ ਵੱਲੋਂ ਅਸ਼ੋਕ ਕੁਮਾਰ ਦੀ ਸ਼ਿਕਾਇਤ ‘ਤੇ ਆਈਪੀਸੀ ਦੀ ਧਾਰਾ 302, 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਸ਼ੋਕ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪੋਤਾ ਅਰਮਾਨ ਛਾਉਣੀ ਵਿਖੇ ਸਥਾਨਕ ਕੇਵੀ-4 ਵਿਚ 12ਵੀਂ ਜਮਾਤ ਵਿੱਚ ਪੜਦਾ ਸੀ। ਜਿਸਦਾ ਪਿਤਾ ਫਰਾਂਸ ਸਥਿਤ ਐਨਆਰਆਈ ਹੈ ਅਤੇ ਧੀ ਨਾਲ ਮਾਂ ਹਿਮਾਚਲ ਪ੍ਰਦੇਸ਼ ਗਈ ਹੋਈ ਸੀ।

Advertisements

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸ਼ੋਕ ਨੇ ਦੱਸਿਆ ਕਿ ਜਦੋਂ ਉਹ ਸੋਮਵਾਰ ਦੀ ਸ਼ਾਮ ਨੂੰ ਅਰਮਾਨ ਨੂੰ ਆਪਣੇ ਘਰ ਮਿਲਣ ਗਿਆ ਤਾਂ ਉਸ ਦੀ ਲਾਸ਼ ਖੂਨ ਨਾਲ ਲੱਥਪੱਥ ਦੇਖ ਕੇ ਹੈਰਾਨ ਰਹਿ ਗਿਆ। ਉਸ ਦੇ ਚਿਹਰੇ ਅਤੇ ਸਿਰ ‘ਤੇ ਡੂੰਘੀਆਂ ਸੱਟਾਂ ਸਨ। ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਜਾਣਕਾਰੀ ਮਿਲਣ ‘ਤੇ ਡੀਸੀਪੀ ਬਲਕਾਰ ਸਿੰਘ, ਏਡੀਸੀਪੀ ਅਸ਼ਵਨੀ ਕੁਮਾਰ, ਏਸੀਪੀ ਮੇਜਰ ਸਿੰਘ, ਏਸੀਪੀ ਕੰਵਲਜੀਤ ਸਿੰਘ, ਸੀਆਈਏ ਦੇ ਮੁਖੀ ਹਰਮਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਕੇਸ ਵਿੱਚ ਵਿਸਥਾਰਤ ਪੜਤਾਲ ਕੀਤੀ ਅਤੇ ਇਕ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ, ਜੋ ਅਰਮਾਨ ਦਾ ਦੋਸਤ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਅਰਮਾਨ ਅਤੇ ਮੁਲਜ਼ਮ ਦੋਵੇਂ ਪਹਿਲਾਂ ਇਕੱਠੇ ਪੜਦੇ ਸਨ ਅਤੇ ਮ੍ਰਿਤਕ ਦੀ ਇਕ ਲੜਕੀ ਨਾਲ ਦੋਸਤੀ ਸੀ, ਜਿਹੜੀ ਕਿ ਨਾਬਾਲਿਗ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਵੀ ਇਸ ਲੜਕੀ ਪ੍ਰਤੀ ਭਾਵਨਾਵਾਂ ਰੱਖਦਾ ਸੀ, ਜਿਸ ਕਾਰਨ ਉਹ ਮ੍ਰਿਤਕ ਤੋਂ ਈਰਖਾ ਕਰਦਾ ਸੀ। ਉਹਨਾਂ ਦੱਸਿਆ ਕਿ ਮੁਲਜ਼ਮ ਨੇ ਅਰਮਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਅਤੇ ਯੋਜਨਾਬੱਧ ਤਰੀਕੇ ਨਾਲ ਜੁਰਮ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇ ਮ੍ਰਿਤਕ ਦੇ ਸਿਰ ਅਤੇ ਚਿਹਰੇ ‘ਤੇ ਕ੍ਰਿਕੇਟ ਬੈਟ ਨਾਲ ਹਮਲਾ ਕੀਤਾ ਅਤੇ ਉਸ ਦਾ ਗਲ਼ ਘੁੱਟਿਆ।
ਉਹਨਾਂ ਕਿਹਾ ਕਿ ਮੁਲਜ਼ਮ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਉਹਨਾਂ ਇਸ ਮੌਕੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਢੁੱਕਵਾਂ ਇਨਾਮ ਦੇਣ ਦਾ ਐਲਾਨ ਵੀ ਕੀਤਾ।

LEAVE A REPLY

Please enter your comment!
Please enter your name here