ਦੋਸ਼ੀ ਸੱਤਾ ਤੇ ਗਿੰਦਾ ਨੂੰ ਤਿਹਾੜ ਜੇਲ ‘ਚੋਂ ਲਿਆ ਕੇ ਕੀਤੀ ਪੁੱਛਗਿੱਛ, ਭਾਗੋਵਾਲ ਦੀ ਬੈਂਕ ਚੋਂ ਲੁੱਟੇ 3.08 ਲੱਖ ਬਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲੇ ਵਿੱਚ ਹੋਈਆਂ ਬੈਂਕ ਡਕੈਤੀਆਂ ਵਿੱਚ ਸ਼ਾਮਲ ਦੋ ਮੁਲਾਜ਼ਮਾਂ ਨੂੰ ਦਿੱਲੀ ਦੀ ਤਿਹਾੜ ਜੇਲ ਵਿਚੋਂ ਲਿਆ ਕੇ ਇਹਨਾਂ ਮਾਮਲਿਆਂ ਦੀ ਜਾਂਚ ਨੂੰ ਹੋਰ ਅੱਗੇ ਵਧਾਉਂਦਿਆਂ ਜ਼ਿਲਾ ਪੁਲਿਸ ਨੇ ਮੁਲਜ਼ਮਾਂ ਵਲੋਂ ਪੰਜਾਬ ਐਂਡ ਸਿੰਘ ਬੈਂਕ ਭਾਗੋਵਾਲ ਤੋਂ ਲੁੱਟੇ 3.08 ਲੱਖ ਰੁਪਏ ਬਰਾਮਦ ਕਰਦਿਆਂ ਪਿੰਡ ਰਿਹਾਣਾ ਜੱਟਾਂ ਵਿੱਚ ਮਨੀ ਚੇਂਜਰ ਤੋਂ ਹੋਈ 80,000 ਰੁਪਏ ਦੀ ਲੁੱਟ ਦਾ ਮਾਮਲਾ ਵੀ ਹੱਲ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਐਸ.ਪੀ (ਜਾਂਚ) ਰਵਿੰਦਰ ਪਾਲ ਸੰਧੂ ਦੀ ਅਗਵਾਈ ਵਿੱਚ ਥਾਣਾ ਹਰਿਆਣਾ ਅਤੇ ਸੀ.ਆਈ.ਏ ਸਟਾਫ ਦੀ ਟੀਮ ਨੇ ਬੈਂਕ ਡਕੈਤੀਆਂ ਵਿੱਚ ਸ਼ਾਮਲ ਭਗੌੜੇ ਸਤਪਾਲ ਸਿੰਘ ਉਰਫ ਸੱਤਾ ਵਾਸੀ ਹਰਿਆਣਾ ਅਤੇ ਗੁਰਿੰਦਰ ਸਿੰਘ ਉਰਫ ਗਿੰਦਾ ਵਾਸੀ ਲੁਡਿਆਣੀ, ਦਸੂਹਾ ਪਾਸੋਂ ਰਕਮ ਬਰਾਮਦ ਕੀਤੀ।

Advertisements

ਉਹਨਾਂ ਦੱਸਿਆ ਕਿ ਇਨਾਂ ਦੋਵੇਂ ਮੁਲਜ਼ਮ ਯੂ.ਕੋ. ਬੈਂਕ ਪਿੰਡ ਕਾਲਰਾ ਥਾਣਾ ਆਦਮਪੁਰ, ਜਲੰਧਰ ਵਿੱਚ ਡਕੈਤੀ ਸਮੇਂ ਬੈਂਕ ਗਾਰਡ ਦਾ ਗੋਲੀ ਮਾਰ ਕੇ ਕਤਲ ਕਰਨ ਉਪਰੰਤ ਭਗੌੜੇ ਸਨ ਜਿਨਾਂ ਨੂੰ 3 ਨਵੰਬਰ 2020 ਨੂੰ ਕ੍ਰਾਈਮ ਬ੍ਰਾਂਚ ਦਿੱਲੀ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲਾ ਪੁਲਿਸ ਨੇ ਦੋਵਾਂ ਨੂੰ ਤਿਹਾੜ ਜੇਲ ਤੋਂ ਲਿਆ ਕੇ ਤਕਨੀਕੀ ਪੱਖਾਂ ਤੋਂ ਪੁੱਛਗਿੱਛ ਕਰਕੇ ਉਹਨਾਂ ਪਾਸੋਂ ਪੰਜਾਬ ਐਂਡ ਸਿੰਘ ਬੈਂਕ ਭਾਗੋਵਾਲ ਤੋਂ ਲੁੱਟੇ 3.08 ਲੱਖ ਰੁਪਏ, ਵਾਰਦਾਤ ਵਿੱਚ ਵਰਤੀ ਸਕੂਟਰੀ ਨੰਬਰ ਪੀ.ਬੀ.07, ਬੀ.ਡਬਲਿਊ 4108 ਵੀ ਬਰਾਮਦ ਕੀਤੀ। ਦੋਵਾਂ ਮੁਲਜ਼ਮਾਂ ਨੇ ਸੁਰਜੀਤ, ਜੀਤਾ ਵਾਸੀ ਆਦਮਵਾਲ ਨਾਲ ਮਿਲ ਕੇ 23 ਅਗਸਤ 2020 ਨੂੰ ਕਰੀਬ ਢਾਈ ਵਜੇ ਗ੍ਰਾਮ ਸੁਵਿਧਾ ਕੇਂਦਰ (ਮਨੀ ਚੇਂਜਰ) ਰਿਹਾਣਾ ਜੱਟਾਂ ਤੋਂ 80,000 ਰੁਪਏ ਦੀ ਖੋਹ ਕੀਤੀ ਸੀ। ਉਨਾਂ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਵਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ ਭੈੜੇ ਅਨਸਰਾਂ ਖਿਲਾਫ ਮੁਹਿੰਮ ਤਹਿਤ ਥਾਣਾ ਹਰਿਆਣਾ ਦੇ ਇੰਸਪੈਕਟਰ ਹਰਗੁਰਦੇਵ ਸਿੰਘ, ਥਾਣਾ ਸਦਰ ਮੁਖੀ ਤਲਵਿੰਦਰ ਸਿੰਘ ਅਤੇ ਸੀ.ਆਈ.ਏ. ਇੰਚਾਰਜ ਦੀਆਂ ਟੀਮਾਂ ਵਲੋਂ 19 ਅਕਤੂਬਰ ਨੂੰ ਸੁਨੀਲ ਦੱਤ ਵਾਸੀ ਘਗਿਆਲ, ਸੁਖਵਿੰਦਰ ਸਿੰਘ ਉਰਫ ਸੁੱਖਾ, ਹਰਿਆਣਾ, ਬਲਵਿੰਦਰ ਸਿੰਘ ਉਰਫ ਸੋਨੂੰ ਦੋਵੇਂ ਵਾਸੀ ਕੋਠੇ ਪ੍ਰੇਮ ਨਗਰ, ਸਤਪਾਲ ਸਿੰਘ ਉਰਫ ਸੱਤਾ ਵਾਸੀ ਹਰਿਆਣਾ ਅਤੇ ਗੁਰਿੰਦਰ ਸਿੰਘ ਉਰਫ ਗਿੰਦਾ ਵਾਸੀ ਲੁਡਿਆਣੀ ਖਿਲਾਫ ਧਾਰਾ 392, 394, 395 ਅਤੇ ਅਸਲਾ ਐਕਟ ਦੀ ਧਾਰਾ 25, 27-54-59 ਤਹਿਤ ਥਾਣਾ ਹਰਿਆਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਨਾਂ ਵਿਚੋਂ ਸੁਨੀਲ ਦੱਤ, ਸੁੱਖਾ, ਸੋਨੂੰ ਨੂੰ ਜ਼ਿਲਾ ਪੁਲਿਸ ਨੇ 19 ਅਕਤੂਬਰ ਨੂੰ ਗ੍ਰਿਫਤਾਰ ਕਰਕੇ ਇੰਡੀਅਨ ਓਵਰਸੀਜ਼ ਬੈਂਕ, ਗਿਲਜੀਆਂ, ਪੰਜਾਬ ਐਂਡ ਸਿੰਧ ਬੈਂਕ ਪਿੰਡ ਭਾਗੋਵਾਲ ਅਤੇ ਯੂ.ਕੋ ਬੈਂਕ ਪਿੰਡ ਕਾਲਰਾ ਥਾਣਾ ਆਦਮਪੁਰ ਨੂੰ ਟਰੇਸ ਕਰਕੇ ਡਕੈਤੀਆਂ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਗਏ ਸਨ। ਇਹਨਾਂ ਮਾਮਲਿਆਂ ਵਿੱਚ ਸੱਤਾ ਅਤੇ ਗਿੰਦਾ ਭਗੌੜੇ ਚੱਲ ਰਹੇ ਸਨ।

LEAVE A REPLY

Please enter your comment!
Please enter your name here