ਸਵੈ-ਰੋਜ਼ਗਾਰ ਸਕੀਮਾਂ ਤਹਿਤ ਬੈਕਫਿੰਕੋ ਵਲੋਂ ਦਿੱਤਾ ਜਾਂਦਾ 50 ਹਜ਼ਾਰ ਤੋਂ 5 ਲੱਖ ਰੁਪਏ ਤੱਕ ਦਾ ਕਰਜ਼ਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧ ਰੱਖਣ ਵਾਲੇ ਵਰਗ ਦਾ ਆਰਥਿਕ ਪੱਧਰ ਉਚਾ ਚੁੱਕਣ ਅਤੇ ਸਸਤੀਆਂ ਵਿਆਜ ਦਰਾਂ ‘ਤੇ ਸਵੈ-ਰੋਜ਼ਗਾਰ ਸਕੀਮਾਂ ਤਹਿਤ ਦਿੱਤੇ ਜਾਣ ਵਾਲੇ ਕਰਜ਼ੇ ਸਬੰਧੀ ਸਥਾਨਕ ਦੀਪ ਨਗਰ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ।

Advertisements

ਕੈਂਪ ਦੌਰਾਨ ਪੰਜਾਬ ਪੱਛੜੀਆ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਜ਼ਿਲਾ ਫੀਲਡ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਕਾਰਪੋਰੇਸ਼ਨ ਵਲੋਂ ਸਵੈ-ਰੋਜਗਾਰ ਸਕੀਮਾਂ ਤਹਿਤ 50 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਕਰਜ਼ਾ ਲਾਭਪਾਤਰਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਇਹ ਕਰਜ਼ਾ ਸਾਲਾਨਾ 6 ਫੀਸਦੀ ਦੀ ਵਿਆਜ ਦਰ ‘ਤੇ 18 ਤੋਂ 55 ਸਾਲ ਤੱਕ ਦੀ ਉਮਰ ਦੇ ਉਮੀਦਵਾਰਾਂ ਨੂੰ ਦਿੱਤਾ ਜਾਂਦਾ ਹੈ ਜਿਹੜਾ ਕਿ 5 ਸਾਲਾਂ ਵਿੱਚ 20 ਤਿਮਾਹੀ ਕਿਸ਼ਤਾਂ ਰਾਹੀਂ ਮੋੜਨਯੋਗ ਹੁੰਦਾ ਹੈ।

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੈਕਫਿੰਕੋ ਅਤੇ ਰਾਸ਼ਟਰੀ ਪੱਛੜੀਆਂ ਸ਼੍ਰੇਣੀਆਂ ਵਿੱਤ ਅਤੇ ਵਿਭਾਗ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਇਹ ਕਰਜ਼ਾ ਪਿਤਾ ਪੁਰਖੀ ਜਾਂ ਨਾਨ-ਤਕਨੀਕੀ ਸਕੀਮਾਂ ਲਈ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਨਾਂ ਸਕੀਮਾਂ ਵਿੱਚ ਡੇਅਰੀ ਫਾਰਮਿੰਗ, ਸਬਜ਼ੀਆਂ ਉਗਾਉਣਾ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਕਾਰਪੇਂਟਰ, ਫਰਨੀਚਰ, ਲੁਹਾਰ ਦਾ ਕੰਮ, ਆਟਾ ਚੱਕੀ/ਕੋਹਲੂ, ਸਾਈਕਲ ਸੇਲ ਅਤੇ ਰਿਪੇਅਰ, ਟੇਲਰਿੰਗ ਆਦਿ ਤੋਂ ਇਲਾਵਾ ਖੇਤੀਬਾੜੀ ਦੇ ਸੰਦਾਂ ਲਈ (ਫੈਬਰੀਕੇਸ਼ਨ), ਆਟੋ ਮੋਬਾਇਲ ਰਿਪੇਅਰ/ਸਪੇਅਰ ਪਾਰਟਸ ਸ਼ਾਪ, ਇਲੈਕਟ੍ਰੀਕਲ ਸੇਲ ਤੇ ਰਿਪੇਅਰ, ਸਾਈਬਰ ਕੈਫੇ/ਇੰਟਰਨੈਟ, ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਦੇ ਨਾਲ-ਨਾਲ ਸਮਾਲ ਸਕੇਲ ਇੰਡਸਟਰੀਅਲ ਯੂਨਿਟ, ਵਪਾਰ ਤੇ ਸਰਵਿਸ ਸੈਂਟਰ, ਵਿਗਿਆਪਨ ਏਜੰਸੀ, ਆਰਚੀਟੈਕਚਰ ਆਦਿ ਸ਼ਾਮਲ ਹਨ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਊਟੀ ਪਾਰਲਰ, ਕੇਬਲ ਓਪਰੇਟਰ, ਚਾਰਟਡ ਅਕਾਊਟੈਂਟ, ਕੰਸਲਟਿੰਗ ਇੰਜੀਨੀਅਰ, ਇੰਟੀਰੀਅਰ ਡੈਕੋਰੇਟਰ, ਮੇਂਟੀਨੈਸ ਜਾਂ ਰਿਪੇਅਰ, ਮੈਨੇਜਮੈਂਟ ਕੰਸਲਟੈਂਟ, ਆਊਟਡੋਰ ਕੈਟਰਿੰਗ, ਮੋਟਰ ਵਹੀਕਲ ਦੀ ਸਰਵਿਸ ਆਦਿ ਲਈ ਯੋਗ ਉਮੀਦਵਾਰ 50 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਕਰਜਾ ਪ੍ਰਾਪਤ ਕਰ ਸਕਦੇ ਹਨ। ਜ਼ਿਲਾ ਫੀਲਡ ਅਫ਼ਸਰ ਨੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਪਰੋਕਤ ਸਕੀਮਾਂ ਤੋਂ ਇਲਾਵਾ ਐਜੂਕੇਸ਼ਨ ਕਰਜਾ ਸਕੀਮ ਤਹਿਤ ਪੱਛੜੀਆਂ ਸ਼੍ਰੇਣੀਆਂ ਵਿਦਿਆਰਥੀਆਂ ਲਈ ਪ੍ਰੋਫੈਸ਼ਨਲ ਟੈਕਨੀਕਲ ਐਜੂਕੇਸ਼ਨ ਵਿੱਚ ਗਰੈਜੂਏਟ ਅਤੇ ਇਸ ਤੋਂ ਉਤੇ ਦੀ ਪੜਾਈ ਕਰਨ ਲਈ 10 ਲੱਖ ਰੁਪਏ ਦਾ ਕਰਜਾ ਚਾਰ ਫੀਸਦੀ ਸਲਾਨਾ ਵਿਆਜ ਦਰ ‘ਤੇ ਦਿੱਤਾ ਜਾਂਦਾ ਹੈ ਜੋ ਕਿ ਲੜਕੀਆਂ ਲਈ 3.5 ਫੀਸਦੀ ਸਲਾਨਾ ਦਰ ‘ਤੇ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਨੇ ਦੱਸਿਆ ਕਿ ਸਵਰਨਿਮਾ ਸਕੀਮ ਤਹਿਤ ਔਰਤਾਂ ਲਈ 2 ਲੱਖ ਰੁਪਏ ਤੱਕ ਦਾ ਕਰਜਾ ਸਲਾਨਾ 5 ਫੀਸਦੀ ਵਿਆਜ ਦਰ ‘ਤੇ ਦਿੱਤਾ ਜਾਂਦਾ ਹੈ। ਕੈਂਪ ਦੌਰਾਨ ਦਿਗਪਾਲ ਸਿੰਘ, ਰੁਪਨ ਮਠਾਰੂ, ਕਮਲਜੀਤ ਅਤੇ ਹਾਥੀ ਦੰਦ/ਕਾਰਪੇਂਟਰ ਆਦਿ ਦਾ ਕੰਮ ਕਰਨ ਵਾਲੇ ਲਾਭਪਾਤਰੀ ਮੌਜੂਦ ਸਨ।

LEAVE A REPLY

Please enter your comment!
Please enter your name here