ਪਠਾਨਕੋਟ: ਕਿਸਾਨ ਭਲਾਈ ਵਿਭਾਗ ਨੇ ਫਸਲਾਂ ਦੀ ਰਹਿੰਦ-ਖੂੰਹਦ ਖੇਤਾਂ ਵਿੱਚ ਸੰਭਾਲ ਸਕੀਮ ਤਹਿਤ ਕਿਸਾਨਾਂ ਨੂੰ ਕੀਤਾ ਜਾਗਰੁਕ

ਪਠਾਨਕੋਟ (ਦ ਸਟੈਲਰ ਨਿਊਜ਼)। ਕਣਕ ਦੀ ਫਸਲ ਨੂੰ ਲਗਾਏ ਪਹਿਲੇ ਪਾਣੀ ਤੋਂ ਬਾਂਅਦ ਨਦੀਨਾਂ ਦੀ ਰੋਕਥਾਮ ਲਈ ਸਿਰਫ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਹੀ ਛਿੜਕਾਅ ਕੀਤਾ ਜਾਵੇ ਅਤੇ ਜੇਕਰ ਪਿਛਲੇ ਸਾਲ ਜਿਸ ਵੀ ਨਦੀਨਨਾਸ਼ਕ ਦੀ ਕਾਰਜਕੁਸ਼ਲਤਾ ਤਸੱਲੀ ਬਖਸ਼ ਨਾਂ ਰਹੀ ਹੋਵੇ ,ਉਸ ਦੀ ਇਸ ਸਾਲ ਵਰਤੋਂ ਨਾਂ ਕਰੋ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਬਲਾਕ ਪਠਾਨਕੋਟ ਨੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦੀ ਖੇਤਾ ਵਿੱਚ ਸੰਭਾਲ ਸਕੀਮ ਤਹਿਤ ਨਦੀਨਾਂ ਦੀ ਰੋਕਥਾਮ ਲਈ ਸਹੀ ਛਿੜਕਾਅ ਤਕਨੀਕਾਂ ਦੀ ਵਰਤੋਂ ਬਾਰੇ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਤਰਗੜ ਵਿਖੇ ਕਿਸਾਨਾਂ ਨੂੰ ਨਦੀਨਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਹੇ।

Advertisements

ਇਸ ਮੌਕੇ ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ, ਸੁਭਾਸ਼ ਕੁਮਾਰ, ਭਗਵਾਨ ਸਿੰਘ , ਵਿਵੇਕ ਸ਼ਰਮਾ ਸਮੇਤ ਹੋਰ ਕਿਸਾਨ ਹਾਜ਼ਰ ਸਨ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਦੇਸੀ ਖਾਦਾਂ ਦੀ ਵਰਤੋਂ ਦੇ ਨਾਲ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਜਲਾਇਆਂ ਜ਼ਮੀਨ ਵਿੱਚ ਵਾਹੁਣ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਉਨਾਂ ਕਿਹਾ ਕਿ ਕਣਕ ਦੀ ਫਸਲ ਵਿਚੋਂ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦਾ ਛਿੜਕਾਅ ਸਾਫ ਮੌਸਮ ਵਾਲੇ ਦਿਨ ਹੀ ਕੀਤੀ ਜਾਵੇ ਕਿਉਂਕਿ ਬੱਦਲਵਾਈ ਜਾਂ ਧੂੰਦ ਵਾਲੇ ਦਿਨ ਕੀਤੇ ਛਿੜਕਾਅ ਕਰਨ ਨਾਲ ਨਦੀਨਨਾਸ਼ਕ ਦੀ ਕਾਰਜਕੁਸ਼ਲਤਾ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨਾਂ ਕਿਹਾ ਕਿ ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਦਾ ਤਰੀਕਾ, ਸਮਾਂ ਅਤੇ ਮਾਤਰਾ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਹੀ ਛਿੜਕਾਅ ਕੀਤਾ ਜਾਵੇ ਅਤੇ ਨਦੀਨਾਸ਼ਕ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਿਆ ਜਾਵੇ। ਉਨਾਂ ਕਿਹਾ ਕਿ ਦੋ ਜਾਂ ਵੱਧ ਨਦੀਨਨਾਸ਼ਕਾਂ ਦੇ ਮਿਸ਼ਰਣ ਬਣਾ ਕੇ ਛਿੜਕਾਅ ਨਾਂ ਕੀਤਾ ਜਾਵੇ।

ਉਨਾਂ ਕਿਹਾ ਕਿ ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ਤੇ ਰੱਖੋ ਅਤੇ ਨੋਜ਼ਲ ਦਾ ਕੱਟ ਜ਼ਮੀਨ ਵੱਲ ਨੂੰ ਕਰਕੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਇਧਰ ਉਧਰ ਨਾਂ ਘੁਮਾਉ। ਉਨਾਂ ਕਿਹਾ ਕਿ ਨਦੀਨ ਨਾਸ਼ਕ ਦੀ ਵਰਤੋਂ ਚੰਗੇ ਵਤਰ ਵਿੱਚ ਕਰੋ। ਉਹਨਾਂ ਕਿਹਾ ਕਿ ਖੇਤ ਨਾਂ ਤਾਂ ਬਹੁਤ ਖੁਸ਼ਕ ਹੋਵੇ ਅਤੇ ਨਾਂ ਹੀ ਜ਼ਿਆਦਾ ਗਿੱਲਾ ਕਿਉਂਕਿ ਖੁਸ਼ਕ ਖੇਤ ਵਿੱਚ ਚੰਗੇ ਨਤੀਜੇ ਨਹੀਂ ਮਿਲਦੇ ਅਤੇ ਜ਼ਿਆਦਾ ਗਿੱਲੇ ਖੇਤ ਵਿੱਚ ਨਦੀਨਾਸ਼ਕ ਫਸਲ ਦਾ ਨੁਕਸਾਨ ਕਰ ਸਕਦੀ। ਉਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਬਟਨ ਬੂਟੀ ਨਾਮਕ ਨਦੀਨ ਹੋਵੇ ਤਾਂ 20 ਗ੍ਰਾਮ ਕਾਰਫੈਨਟਰਾਜੋਨ-ਈਥਾਈਲ 40 ਡੀ ਐਫ (ਅਫਿਨਟੀ/ਏਮ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਉਹਨਾਂ ਕਿਹਾ ਕਿ ਜੇਕਰ ਚੌੜੇ ਪੱਤਿਆਂ ਵਾਲੇ ਨਦੀਨ ਖਾਸ ਕਰਕੇ ਮਕੋਹ, ਕੰਡਿਆਲੀ ਪਾਲਕ, ਰਿਵਾੜੀ/ਰਾਰੀ, ਹਿਰਨ ਖੁਰੀ ਹੋਵੇ ਤਾਂ ਲਾਂਫਿਡਾ 50 ਡੀ ਐਫ (ਮੈਟਸਲਫੂਰਾਨ+ਕਾਰਫੈਨਟਰਾਜ਼ੋਨ) ਪ੍ਰਤੀ ਏਕੜ ਬਿਜਾਈ ਤੋਂ 25-30 ਦਿਨਾਂ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ।

ੳਹਨਾਂ ਕਿਹਾ ਕਿ ਜੇਕਰ ਖੇਤ ਵਿੱਚ ਚੌੜੇ ਪੱਤੀ ਅਤੇ ਘਾਹ ਪੱਤੀ ਵਾਲੇ ਨਦੀਨ ਹੋਣ ਤਾਂ 160 ਗ੍ਰਾਮ ਮਿਜੋਸਲਫੂਰਾਨ +ਆਇਉਡੋਸਲਫੂਰਾਨ 3.6 ਡਬਲਿਯੂ ਡੀ ਜੀ(ਅਟਲਾਂਟਿਸ) ਜਾਂ 16 ਗ੍ਰਾਮ ਸਲਫੋਸਲਫੂਰਾਨ+ਮੈਟਸਲਫੂਰਾਨ 75 ਡਬਲਿਯੂ ਜੀ (ਟੋਟਲ) ਜਾਂ ਫਿਨੌਕਸਾਪ੍ਰੋਪ+ਮੈਟਰੀਬਿਊਜ਼ਿਨ 22 ਈ ਸੀ(ਅੋਕਾਰਡ ਪਲੱਸ) 500 ਮਿਲੀ ਲਿਟਰ ਜਾਂ 200 ਗ੍ਰਾਮ ਸ਼ਗਨ 21-11(ਕਲੋਡਿਨੋਫਾਪ + ਮੈਟਰੀਬਿਊਜਿਨ ) ਪ੍ਰਤੀ ਏਕੜ ਨੂੰ ਬਿਜਾਈ ਤੋਂ 30-35 ਦਿਨਾਂ ਅੰਦਰ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਅੰਸ਼ੁਮਨ ਸ਼ਰਮਾ ਨੇ ਦੱਸਿਆ ਕਿ ਛਿੜਕਾਅ ਕਰਨ ਸਮੇਂ ਕਿਸਾਨ/ਖੇਤ ਮਜ਼ਦੂਰ ਵੱਲੋਂ ਦਸਤਾਨੇ, ਮਾਸਕ, ਪੂਰੀ ਬਾਂਹ ਦੀ ਕਮੀਜ਼ ਅਤੇ ਪਜ਼ਾਮਾ/ਪੈਂਟ ਜ਼ਰੂਰ ਪਾਇਆ ਹੋਣਾ ਚਾਹੀਦਾ। ਇਸ ਮੌਕੇ ਕਿਸਾਨਾਂ ਨੂੰ ਨਦੀਨਨਾਸ਼ਕ ਛਿੜਕਾਅ ਲਈ ਵਰਤੀ ਜਾਣ ਵਾਲੀ ਕੱਟ ਵਾਲੌ ਨੋਜ਼ਲਾਂ ਵੰਡੀਆਂ ਗਈਆ ਅਤੇ ਸਹੀ ਛਿੜਕਾਅ ਤਕਨੀਕਾਂ ਦਾ ਪ੍ਰਦਰਸ਼ਿਤ ਕੀਤਾ ਗਿਆਂ।

LEAVE A REPLY

Please enter your comment!
Please enter your name here