ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਜਿਹੇ ਪਬਲਿਕ ਹਸਪਤਾਲਾਂ ਨੇ ਕੋਵਿਡ ਖ਼ਿਲਾਫ਼ ਲੜਾਈ ਵਿੱਚ ਨਿਭਾਈ ਪ੍ਰਮੁੱਖ ਭੂਮਿਕਾ: ਰਾਸ਼ਟਰਪਤੀ

ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਜਿਹੇ ਪਬਲਿਕ ਹਸਪਤਾਲਾਂ ਨੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਲੱਖਾਂ ਦੇਸ਼ ਵਾਸੀ ਸੰਘਣੀ ਆਬਾਦੀ ਅਤੇ ਸੀਮਤ ਆਮਦਨ ਜਿਹੀਆਂ ਸਥਿਤੀਆਂ ਦੇ ਬਾਵਜੂਦ ਕੋਵਿਡ-19 ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਹਨ। ਉਹ ਅੱਜ (21 ਦਸੰਬਰ, 2020) ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ, ਲਖਨਊ ਦੇ 16ਵੇਂ ਕਨਵੋਕੇਸ਼ਨ ਸੰਮੇਲਨ ਨੂੰ ਇੱਕ ਵੀਡੀਓ ਸੰਦੇਸ਼ ਜ਼ਰੀਏ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਕੇਜੀਐੱਮਯੂ ਜਿਹੇ ਪਬਲਿਕ ਸਿਹਤ ਸੰਸਥਾਵਾਂ ਦੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜੋ ਕੋਰੋਨਾ ਦਾ ਸਾਹਮਣਾ ਕਰਨ ਵਿੱਚ ਮੋਰਚੇ ਦੇ ਯੋਧੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੋਰੋਨਾ-ਯੋਧਿਆਂ ਲਈ ਹਰ ਤਰ੍ਹਾਂ ਦੀ ਤਾਰੀਫ਼ ਘੱਟ ਹੈ। ਇਸ ਯੁੱਧ ਵਿੱਚ ਬਹੁਤ ਸਾਰੇ ਕੋਰੋਨਾ-ਯੋਧਾ ਆਪਣੀ ਜਾਨ ਗਵਾ ਚੁੱਕੇ ਹਨ। ਸਾਡਾ ਦੇਸ਼ ਹਮੇਸ਼ਾ ਇਨ੍ਹਾਂ ਕੁਰਬਾਨੀਆਂ ਦਾ ਰਿਣੀ ਰਹੇਗਾ। 

Advertisements

ਰਾਸ਼ਟਰਪਤੀ ਨੇ ਕਿਹਾ ਕਿ 21ਵੀਂ ਸਦੀ ਦੀਆਂ ਸਿਹਤ ਸੇਵਾਵਾਂ ਵਿੱਚ ਸੰਚਾਰ ਟੈਕਨੋਲੋਜੀ ਅਤੇ ਡਾਕਟਰਾਂ ਦੀ ਵਿਅਕਤੀਗਤ ਪ੍ਰਤਿਭਾ ਦਾ ਤਾਲਮੇਲ ਕਰਨ ਲਈ ਵਿਸ਼ਵ ਵਿਆਪੀ ਉਪਰਾਲੇ ਕੀਤੇ ਜਾ ਰਹੇ ਹਨ। ਸਿਹਤ ਸੰਭਾਲ਼ ਖੇਤਰ ਵੱਡੇ ਅੰਕੜਿਆਂ, ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ, ਸੂਚਨਾ ਟੈਕਨੋਲੋਜੀ ਅਤੇ ਸੰਪਰਕ ਨਾਲ ਬਾਇਓ-ਸਾਇੰਸ ਦੇ ਸਹੀ ਤਾਲਮੇਲ ਦੁਆਰਾ ਕ੍ਰਾਂਤੀ ਲਿਆ ਰਿਹਾ ਹੈ। ਕੇਜੀਐੱਮਯੂ, 58 ਵਿਸ਼ੇਸ਼ਤਾਵਾਂ ਵਾਲਾ, ਪ੍ਰਾਇਮਰੀ ਅੰਕੜਿਆਂ ਦੇ ਅਧਾਰ ’ਤੇ ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀ ਖੋਜ ਦੀ ਅਥਾਹ ਸੰਭਾਵਨਾਵਾਂ ਰੱਖਣ ਵਾਲਾ ਸੰਸਥਾਨ ਹੈ। ਉਨ੍ਹਾਂ ਨੇ ਕਿਹਾ ਕਿ ਕੇਜੀਐੱਮਯੂ ਜਿਹੀਆਂ ਪ੍ਰਮੁੱਖ ਸੰਸਥਾਵਾਂ ਨੂੰ ਵੀ ਅਸਲ ਖੋਜ ਬਾਰੇ ਉੱਚ ਪੱਧਰੀ ਪ੍ਰੋਗਰਾਮ ਜਾਰੀ ਰੱਖਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਕੇਜੀਐੱਮਯੂ ਦੇ ਸਾਬਕਾ ਵਿਦਿਆਰਥੀ ਪਿਛਲੇ ਕਈ ਦਹਾਕਿਆਂ ਤੋਂ ਦੇਸ਼-ਵਿਦੇਸ਼ ਦੇ ਚੋਟੀ ਦੇ ਮੈਡੀਕਲ ਅਦਾਰਿਆਂ ਦੇ ਸਰਵ ਉੱਚ ਅਹੁਦਿਆਂ ’ਤੇ ਸੁਸ਼ੋਭਿਤ ਹੋ ਕੇ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲਗਭਗ 12,500 ਮੈਂਬਰਾਂ ਦੀ ਜਾਰਜੀਅਨ ਐਲੂਮਨੀ ਐਸੋਸੀਏਸ਼ਨ ਅੰਤਰਰਾਸ਼ਟਰੀ ਪੱਧਰ ‘ਤੇ ਸਰਗਰਮ ਹੈ। ਉਨ੍ਹਾਂ ਨੇ ਐਸੋਸੀਏਸ਼ਨ ਨੂੰ ਇੱਕ ਗਿਆਨ ਪੋਰਟਲ ਸਥਾਪਿਤ ਕਰਨ ਦਾ ਸੁਝਾਅ ਦਿੱਤਾ ਜਿੱਥੇ ਭਾਰਤ ਅਤੇ ਵਿਦੇਸ਼ ਵਿੱਚ ਕੰਮ ਕਰਨ ਵਾਲੇ ਸਾਰੇ ਜਾਰਜੀਅਨ ਡਾਕਟਰੀ ਅਭਿਆਸ, ਖੋਜ ਕਾਰਜ, ਗੁੰਝਲਦਾਰ ਕੇਸਾਂ ਦੇ ਇਲਾਜ ਜਾਂ ਸਿਹਤ ਸੰਭਾਲ਼ ਨਾਲ ਜੁੜੇ ਆਪਣੇ ਗਿਆਨ ਅਤੇ ਅਨੁਭਵ ਸਾਂਝੇ ਕਰ ਸਕਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਦੇ ਲੋਕ ਗੰਭੀਰ ਬਿਮਾਰੀ ਦੇ ਇਲਾਜ ਲਈ ਭਾਰਤ ਆਉਂਦੇ ਹਨ ਕਿਉਂਕਿ ਉਹ ਘੱਟ ਕੀਮਤ ‘ਤੇ ਵਿਸ਼ਵ ਪੱਧਰੀ ਇਲਾਜ ਕਰਵਾਉਂਦੇ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਸਾਰੇ ਡਾਕਟਰ ਮਿਲ ਕੇ ਦੇਸ਼ ਵਿੱਚ ਸਿਹਤ ਸੰਭਾਲ਼ ਅਤੇ ਦਵਾਈ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਡਾਕਟਰਾਂ ਅਤੇ ਨਰਸਾਂ ਦੀ ਸੇਵਾ ਦੀ ਪ੍ਰਤਿਭਾ ਅਤੇ ਭਾਵਨਾ ਸਾਰੇ ਵਿਸ਼ਵ ਵਿੱਚ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਉਨ੍ਹਾਂ ਨੇ ਕਾਮਨਾ ਕੀਤੀ ਕਿ ਸਾਡੇ ਦੇਸ਼ ਦਾ ਸਿਹਤ ਸੰਭਾਲ਼ ਖੇਤਰ ਅਜਿਹਾ ਬਣ ਜਾਵੇ ਕਿ ‘ਕਿਓਰ ਇਨ ਇੰਡੀਆ’ ਪੂਰੀ ਦੁਨੀਆ ਵਿੱਚ ਇੱਕ ਵਾਕਾਂਸ਼ ਬਣ ਜਾਵੇ।

LEAVE A REPLY

Please enter your comment!
Please enter your name here