ਕੈਬਿਨੇਟ ਮੰਤਰੀ ਅਰੋੜਾ ਨੇ ਪੱਤਰਕਾਰ ਅਸ਼ਵਨੀ ਕਪੂਰ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ 10 ਲੱਖ ਰੁਪਏ ਦਾ ਚੈੱਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਪੱਤਰਕਾਰ ਅਸ਼ਵਨੀ ਕਪੂਰ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਕਿਸੇ ਪੱਤਰਕਾਰ ਦੀ ਮੌਤ ਹੋ ਜਾਣ ‘ਤੇ ਐਲਾਨੀ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਚੈੱਕ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Advertisements

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਸਮੇਤ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮਰਹੂਮ ਪੱਤਰਕਾਰ ਅਸ਼ਵਨੀ ਕਪੂਰ ਦੀ ਪਤਨੀ ਵੀਨਾ ਕਪੂਰ ਨੂੰ ਚੈੱਕ ਸੌਂਪਦਿਆਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੀ ਸਮਾਜ ਦੇ ਹਰ ਖੇਤਰ ਨੂੰ ਵੱਡੀ ਦੇਣ ਹੈ ਜਿਸ ਨੂੰ ਕਦੇ ਵੀ ਅਣਗੌਲਿਆਂ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮੌਜੂਦਾ ਕੋਵਿਡ ਸੰਕਟ ਦੌਰਾਨ ਵੀ ਪੱਤਰਕਾਰਾਂ ਨੇ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਕੰਮ ਕਰਦਿਆਂ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਸੁਚੇਤ ਰਹਿਣ ਲਈ ਸਮੇਂ-ਸਮੇਂ ਸਿਰ ਲੋੜੀਂਦੀ ਜਾਣਕਾਰੀ ਹੇਠਲੇ ਪੱਧਰ ਤੱਕ ਪਹੁੰਚਾਉਣ ‘ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੇ ਵੀ ਕੋਰੋਨਾ ਵਿਰੁੱਧ ਜੰਗ ਵਿੱਚ ਫਰੰਟ ਲਾਈਨ ਵਰਕਰਾਂ ਵਜੋਂ ਕੰਮ ਕਰਦਿਆਂ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਸੁੰਦਰ ਸ਼ਾਮ ਅਰੋੜਾ ਨੇ ਪੱਤਰਕਾਰ ਅਸ਼ਵਨੀ ਕਪੂਰ ਅਤੇ ਉਨ੍ਹਾਂ ਵੱਲੋਂ ਚਾਰ ਦਹਾਕਿਆਂ ਤੋਂ ਵੱਧ ਸਮਾਂ ਕੀਤੀ ਪੱਤਰਕਾਰੀ ਨੂੰ ਯਾਦ ਕਰਦਿਆਂ ਕਿਹਾ ਕਿ ਕਪੂਰ ਇੱਕ ਸਮਰਪਿਤ ਪੱਤਰਕਾਰ ਦੇ ਨਾਲ-ਨਾਲ ਚੰਗੇ ਇਨਸਾਨ ਸਨ ਜਿਨ੍ਹਾਂ ਨੇ ਪੱਤਰਕਾਰੀ ਪ੍ਰਤੀ ਆਪਣੇ ਫਰਜ਼ ਪੇਸ਼ੇਵਾਰਾਨਾ ਕਦਰਾਂ ਕੀਮਤਾਂ ਨਾਲ ਨਿਭਾਏ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਪਰਿਵਾਰ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਕਾਰਨ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਜਾਂ ਪੀਲੇ ਕਾਰਡ ਧਾਰਕ ਪੱਤਰਕਾਰ ਦੀ ਮੌਤ ਹੋ ਜਾਣ ‘ਤੇ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਕੇਸ਼ ਮਰਵਾਹਾ, ਅਸ਼ਵਨੀ ਕਪੂਰ ਦੇ ਪੁੱਤਰ ਕਨਵ ਕਪੂਰ, ਨਿਧੀ ਕਪੂਰ, ਰਮਨ ਕਪੂਰ, ਹਰੀਸ਼ ਸੈਣੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here