ਫਿਰੋਜ਼ਪੁਰ: ਕੈਬਨਿਟ ਮੰਤਰੀ ਰਾਣਾ ਗੁਰਮੀਤ ਨੇ ਪੱਤਰਕਾਰ ਅਮਰਜੀਤ ਬਹਿਲ ਦੀ ਪਤਨੀ ਪਰਮਿੰਦਰ ਨੂੰ ਸੌਂਪਿਆ 10 ਲੱਖ ਰੁਪਏ ਦਾ ਚੈੱਕ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਤੰਬਰ ਮਹੀਨੇ ਵਿੱਚ ਕੋਰੋਨਾ ਵਾਇਰਸ ਕਾਰਨ ਗੁਰੂਹਰਸਹਾਏ, ਫਿਰੋਜ਼ਪੁਰ ਵਿਖੇ ਅਜੀਤ ਅਖਬਾਰ ਵਿੱਚ ਕੰਮ ਕਰਦੇ ਪੱਤਰਕਾਰ ਸ੍ਰ: ਅਮਰਜੀਤ ਸਿੰਘ ਬਹਿਲ ਦੀ ਮੌਤ ਹੋ ਗਈ ਸੀ, ਜਿਸ ਦੀ ਮਿਹਨਤ ਅਤੇ ਇਮਾਨਦਾਰੀ ਦੇ ਕੰਮ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਵਜੋਂ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਵਜੋਂ ਅੱਜ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ) ਪੰਜਾਬ ਸ੍ਰ: ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅਜੀਤ ਦਫਤਰ ਫਿਰੋਜ਼ਪੁਰ ਵਿਖੇ ਸਮੁੱਚਾ ਅਜੀਤ ਪੱਤਰਕਾਰ ਭਾਈਚਾਰੇ ਦੀ ਹਾਜ਼ਰੀ ਵਿੱਚ ਸਵ. ਪੱਤਰਕਾਰ ਸ੍ਰ: ਅਮਰਜੀਤ ਸਿੰਘ ਬਹਿਲ ਦੀ ਪਤਨੀ ਪਰਮਿੰਦਰ ਕੌਰ ਨੂੰ 10 ਲੱਖ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ।ਇਸ ਮੌਕੇ ਉਨ੍ਹਾਂ ਦੇ ਭਰਾ ਸਵਰਨਜੀਤ ਸਿੰਘ ਬਹਿਲ ਵੀ ਮੌਜੂਦ ਸਨ।

Advertisements

ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਹ ਉਨ੍ਹਾਂ ਦੇ ਨਾਲ ਖੜੇ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਬਹਿਲ ਵੱਲੋਂ ਪੱਤਰਕਾਰਤਾ ਵਿਚ ਕੀਤੇ ਗਏ ਇਮਾਨਦਾਰੀ ਅਤੇ ਮਿਹਨਤ ਦੇ ਕੰਮ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਮਿਹਨਤ ਤੇ ਇਮਾਨਦਾਰੀ ਹੋਰਨਾਂ ਲੋਕਾਂ ਲਈ ਵੀ ਪ੍ਰੇਰਨਾ ਸਰੋਤ ਹੋਵੇਗੀ।ਉਨ੍ਹਾਂ ਦੱਸਿਆ ਕਿ ਅਸੀਂ ਸਭ ਜਾਣਦੇ ਹਾਂ ਕਿ ਉਨ੍ਹਾਂ ਦਾ ਇਸ ਦੁਨਿਆਂ ਤੋਂ ਜਾਣ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਪਰ ਫਿਰ ਵੀ ਉਨ੍ਹਾਂ ਦੇ ਮਗਰੋਂ ਪਰਿਵਾਰ ਦੀ ਸਹਾਇਤਾ ਲਈ ਸਰਕਾਰ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਉਨ੍ਹਾਂ ਨੂੰ ਦਿੱਤਾ ਗਿਆ ਹੈ।

ਇਸ ਮੌਕੇ ਅਜੀਤ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਸ੍ਰ: ਤਪਿੰਦਰ ਸਿੰਘ ਨੇ ਕਿਹਾ ਕਿ ਸਵ. ਪੱਤਰਕਾਰ  ਅਮਰਜੀਤ ਸਿੰਘ ਬਹਿਲ ਨੇ ਕਰੀਬ 38 ਸਾਲਾਂ ਤੱਕ ਅਜੀਤ ਅਖਬਾਰ ਲਈ ਬੜੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚੱਲੇ ਜਾਣ ਤੇ ਨਾ ਸਿਰਫ ਪਰਿਵਾਰ ਨੂੰ ਘਾਟਾ ਪਿਆ ਹੈ ਬਲਕਿ ਪੂਰੇ ਜ਼ਿਲ੍ਹੇ ਦੀ ਪੱਤਰਕਾਰਤਾ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੌਰਾਨ ਸਮੂਹ ਅਜੀਤ ਅਖਬਾਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ 2 ਮਿਨਟ ਦਾ ਮੋਨ ਵੀ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਜੀਤ ਅਖਬਾਰ ਵਿਚ ਕੀਤੇ ਗਏ ਕੰਮ ਸ਼ਲਾਘਾਯੋਗ ਹਨ ਜਿਸ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।

ਇਸ ਮੌਕੇ ਸੀਨੀਅਰ ਅਜੀਤ ਪੱਤਰਕਾਰ ਜਸਵਿੰਦਰ ਸਿੰਘ ਸੰਧੂ, ਗੁਰਿੰਦਰ ਸਿੰਘ, ਹਰਚਰਨ ਸਿੰਘ ਸੰਧੂ, ਪ੍ਰਤਾਪ ਸਿੰਘ ਹੀਰਾ, ਕੁਲਬੀਰ ਸੋਢੀ, ਰਾਕੇਸ਼ ਚਾਵਲਾ, ਪ੍ਰਿਤਪਾਲ ਸਿੰਘ, ਕਾਂਗਰਸੀ ਆਗੂ ਅਮ੍ਰਿਤਪਾਲ ਸਿੰਘ, ਦਵਿੰਦਰ ਜੰਗ, ਰਵੀ ਦੱਤ ਚਾਵਲਾ, ਵਿੱਕੀ ਨਰੂਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here