ਜਲੰਧਰ: ਜ਼ਿਲ੍ਹਾ ਪ੍ਰਸ਼ਾਸਨ ਨੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਪਿੰਗਲਾ ਘਰ ਵਿਖੇ ਲਗਾਇਆ ਮੈਗਾ ਮੈਡੀਕਲ ਜਾਂਚ ਕੈਂਪ

ਜਲੰਧਰ(ਦ ਸਟੈਲਰ ਨਿਊਜ਼)। ਵਿਲੱਖਣ ਅਪੰਗਤਾ ਪਹਿਚਾਨ ਪੱਤਰ (ਯੂਨੀਕ ਡਿਸਏਬਿਲਟੀ ਆਈਡੈਂਟੀ ਕਾਰਡ) ਸਕੀਮ ਅਧੀਨ ਜਲੰਧਰ ਦੇ ਵਿਸ਼ੇਸ਼ ਲੋੜਾਂ ਵਾਲੇ ਸੌ ਫੀਸਦੀ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪਿੰਗਲਾ ਘਰ ਵਿਖੇ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿੱਚ ਕੁੱਲ 118 ਵਿਅਕਤੀਆਂ ਦੀ ਰਜਿਸਟਰੇਸ਼ਨ ਕੀਤੀ ਗਈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਕੈਂਪਾਂ ਵਿੱਚ ਮਾਹਰ ਡਾਕਟਰਾਂ ਦੇ ਇੱਕ ਪੈਨਲ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਵਿੱਚ ਅਪੰਗਤਾ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ 118 ਵਿਅਕਤੀਆਂ ਦੀ ਯੂ.ਡੀ.ਆਈ.ਡੀ. ਕਾਰਡ ਲਈ ਰਜਿਸਟਰੇਸ਼ਨ ਕੀਤੀ ਗਈ, ਜਿਨ੍ਹਾਂ ਵਿੱਚੋਂ 46 ਦਿਵਿਆਂਗ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕੀਤੇ ਗਏ ਜਦਕਿ 54 ਨੂੰ ਰੈਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 18 ਵਿਅਕਤੀਆਂ ਦੇ ਬਿਨੈ ਪੱਤਰ ਕਿਸੇ ਕਿਸਮ ਦੀ ਅਪੰਗਤਾ ਨਾ ਪਾਏ ਜਾਣ ਕਾਰਨ ਰੱਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ 10 ਫਰਵਰੀ ਨੂੰ ਰੈੱਡ ਕਰਾਸ, 12 ਫਰਵਰੀ ਨੂੰ ਪੀ.ਐਚ.ਸੀ. ਲੋਹੀਆਂ ਖਾਸ, 15 ਫਰਵਰੀ ਨੂੰ ਪੀ.ਐਚ.ਸੀ. ਨੂਰਮਹਿਲ,17 ਫਰਵਰੀ ਨੂੰ ਪੀ.ਐਚ.ਸੀ. ਸ਼ਾਹਕੋਟ, 19 ਫਰਵਰੀ ਨੂੰ ਸੀ.ਐਚ. ਫਿਲੌਰ, 22 ਫਰਵਰੀ ਨੂੰ ਪੀ.ਐਚ.ਸੀ. ਕਾਲਾ ਬੱਕਰਾ, 24 ਫਰਵਰੀ ਨੂੰ ਸੀ.ਐਚ.ਸੀ. ਆਦਮਪੁਰ ਅਤੇ 1 ਮਾਰਚ ਨੂੰ ਜ਼ਿਲ੍ਹਾ ਜਲੰਧਰ ਵਿਖੇ ਇਹ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਮਾਹਰ ਡਾਕਟਰਾਂ ਦੇ ਪੈਨਲ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ। ਉਪਰੰਤ ਅਪੰਗਤਾ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਕਾਰਡ ਜਾਰੀ ਕੀਤੇ ਜਾਣਗੇ।

Advertisements

ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਮੁੱਢਲੀਆਂ ਸਹੂਲਤਾਂ ਅਤੇ ਦੂਜਿਆਂ ਦੇ ਬਰਾਬਰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਿੱਚ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ । ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਯੂ. ਡੀ. ਆਈ. ਡੀ. ਕਾਰਡ ਲਈ ਰਜਿਸਟਰੇਸ਼ਨ ਵਾਸਤੇ ਆਪਣਾ ਆਧਾਰ ਕਾਰਡ, ਵੋਟਰ ਕਾਰਡ ਜਾਂ ਉਮਰ ਦਾ ਕੋਈ ਪ੍ਰਮਾਣ, ਪਾਸਪੋਰਟ ਸਾਈਜ਼ ਫੋਟੋ ਅਤੇ ਹੋਰ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਅਪੰਗਤਾ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਆਰਥੋਪੈਡਿਕਸ, ਈਐਨਟੀ ਅਤੇ ਅੱਖਾਂ ਦੇ ਮਾਹਰ, ਮਨੋਰੋਗ ਵਿਗਿਆਨੀ ਹੋਰਾਂ ਮਾਹਰਾਂ ਦੇ ਇੱਕ ਪੈਨਲ ਵੱਲੋਂ ਬਿਨੈਕਾਰਾਂ ਦੀ ਸਰੀਰਕ ਤੌਰ ‘ਤੇ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕਾਰਡ ਨਾਲ ਨੇਤਰਹੀਣਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਰੋਜ਼ਗਾਰ ਅਤੇ ਹੋਰ ਕਈ ਮੌਕਿਆਂ ਵਿਚ ਲਾਭ ਦੇਣ ਵਿੱਚ ਵੀ ਮਦਦ ਵਿੱਚ ਵੀ ਮਦਦ ਮਿਲੇਗੀ।

LEAVE A REPLY

Please enter your comment!
Please enter your name here