ਆਰਐਮਪੀਆਈ ਵੱਲੋਂ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧੇ ਦੇ ਵਿਰੋਧ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ

ਤਲਵਾੜਾ(ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਇਕਾਈ ਤਲਵਾੜਾ ਵੱਲੋਂ ਸਾਥੀ ਸ਼ਿਵ ਕੁਮਾਰ ਦੀ ਅਗਵਾਈ ਹੇਠ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਆਏ ਦਿਨ ਹੋ ਰਹੇ ਵਾਧੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਅਤੇ ਰਾਜ ਸਰਕਾਰ ਤੋਂ ਮਹਿੰਗਾਈ ਨੂੰ ਨੱਥ ਪਾਉਣ ਲਈ ਜ਼ਰੂਰੀ ਕਦਮ ਉਠਾਉਣ ਦੀ ਮੰਗ ਕੀਤੀ। ਆਗੂਆਂ ਨੇ ਇੱਕ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਨਾਇਬ ਤਹਿਸੀਲਦਾਰ ਤਲਵਾਡ਼ਾ ਨੂੰ ਸੌਂਪਿਆ। ਇਸ ਮੌਕੇ ਬੋਲਦਿਆਂ ਆਰਐਮਪੀਆਈ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਗਿਆਨ ਸਿੰਘ ਗੁਪਤਾ ਨੇ ਕਿਹਾ ਕਿ ਡੀਜ਼ਲ/ਪੈਟਰੋਲ ਕਿਸੇ ਵੀ ਮੁਲਕ ਦੀ ਅਰਥਵਿਵਸਥਾ ਦੀ ਰੀਡ਼੍ਹ ਦੀ ਹੱਡੀ ਹੁੰਦੇ ਹਨ। ਪਰ ਤੇਲ ਕੀਮਤਾਂ ‘ਚ ਵਾਧਾ ਮਹਿੰਗਾਈ ਨਾਲ ਸਿੱਧਾ ਜੁਡ਼ਿਆ ਹੋਇਆ ਹੈ।

Advertisements

ਦੇਸ਼ ਵਿੱਚ ਤੇਲ ਕੀਮਤਾਂ ‘ਚ ਲਗਾਤਾਰ ਵਾਧੇ ਕਾਰਨ ਮਹਿੰਗਾਈ ਸਿਖਰਾਂ ’ਤੇ ਪਹੁੰਚ ਚੁੱਕੀ ਹੈ। ਆਮ ਲੋਕ ਦੋ ਵਕਤ ਦੀ ਰੋਟੀ ਤੋਂ ਮੁਥਾਜ ਹੋ ਗਏ ਹਨ। ਪਰ ਅੰਤਰਰਾਸ਼ਟਰੀ ਮਾਰਕਿਟ ‘ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਤੇਲ ਅਤੇ ਰਸੋਈ ਗੈਸ ’ਤੇ ਬੇਥਹਾ ਟੈਕਸ/ ਸੈਸ/ ਐਕਸਾਈਜ਼ ਡਿਊਟੀ ਆਦਿ ਵਸੂਲ ਕਰਕੇ ਲੋਕਾਂ ਦੀ ਛਿੱਲ ਲੁਹਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਆਪਣੇ ਗੁਆਂਢੀ ਦੇਸ਼ਾਂ ਨੂੰ ਅਤਿ ਨਿਗੂਣੀਆਂ ਦਰਾਂ ’ਤੇ ਡੀਜ਼ਲ-ਪੈਟਰੋਲ ਸਪਲਾਈ ਕਰ ਰਹੀ ਹੈ।

ਜਦਕਿ ਦੇਸ਼ ਵਾਸੀਆਂ ਨੂੰ ਮਹਿੰਗੇ ਭਾਅ ਤੇਲ ਤੇ ਰਸੋਈ ਗੈਸ ਦੇ ਕੇ ਬੇਕਿਰਕ ਲੁੱਟ ਕਰ ਰਹੀ ਹੈ। ਇਸ ਮੌਕੇ ਕਿਸਾਨ ਆਗੂ ਕੁੰਦਨ ਲਾਲ, ਪ੍ਰਿੰ. ਉਪਦੇਸ਼ ਕੁਮਾਰ ਆਦਿ ਨੇ ਸਥਾਨਕ ਲੋਕਾਂ ਨੂੰ ਕਿਸਾਨ ਅੰਦੋਲਨ ਦੇ ਸਮਰਥਨ ‘ਚ 26 ਮਾਰਚ ਨੂੰ ਭਾਰਤ ਬੰਦ ‘ਚ ਵਧ ਚਡ਼੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ। ਇਸ ਉਪਰੰਤ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਬੇਲਗਾਮ ਵਾਧੇ ’ਤੇ ਰੋਕ ਲਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ, ਮਹਿੰਗਾਈ ਨੂੰ ਨੱਥ ਪਾਉਣ ਆਦਿ ਮੰਗਾਂ ਸਬੰਧੀ ਇੱਕ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਨਾਇਬ ਤਹਿਸੀਲਦਾਰ ਤਲਵਾਡ਼ਾ ਨੂੰ ਦਿੱਤਾ।

LEAVE A REPLY

Please enter your comment!
Please enter your name here