ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਰਕਾਰੀ ਸਕੂਲਾਂ ਦੀ ਨਵੇਂ ਸੈਸ਼ਨ ਦੀ ਦਾਖਲਾ ਜਾਗਰੂਕਤਾ ਮੁਹਿੰਮ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼)। ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਹਰ ਪੱਖੋਂ ਬਦਲੀ ਨੁਹਾਰ ਦਾ ਲਾਹਾ ਹਰ ਬੱਚੇ ਅਤੇ ਮਾਪੇ ਤੱਕ ਪਹੁੰਚਾਉਣ ਲਈ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਆਪਣੀ ਤਰਾਂ ਦੀਆਂ ਨਵੇਕਲੀਆਂ ਪਹਿਲਕਦਮੀਆਂ ਸਦਕਾ ਇਹ ਦਾਖਲਾ ਜਾਗਰੂਕਤਾ ਮੁਹਿੰਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Advertisements

ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੇ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਅੱਠਵੀਂ ਜਮਾਤ ਤੱਕ ਬਿਲਕੁੱਲ ਮੁਫ਼ਤ ਅਤੇ ਨੌਵੀਂ ਤੋਂ ਗਿਆਰਵੀਂ ਜਮਾਤਾਂ ਲਈ ਨਾ-ਮਾਤਰ ਫੀਸ ਖਰਚੇ ਨਾਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਉਪਲਬਧ ਕਰਵਾਉਣ ਦੇ ਸਮਰੱਥ ਬਣੇ ਸਰਕਾਰੀ ਸਕੂਲਾਂ ਬਾਰੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਫਲੈਕਸਾਂ ਅਤੇ ਪੈਂਫਲਿਟਾਂ ਸਮੇਤ ਤਮਾਮ ਹੋਰਨਾਂ ਤਰੀਕਿਆਂ ਦਾ ਇਸਤੇਮਾਲ ਕਰਨ ਦੇ ਨਾਲ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਸਿਆਣੇ ਬੰਦਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਕੋਲ ਸਕੂਲੀ ਸਿੱਖਿਆ ਦੇ ਨਾਲ ਨਾਲ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਦਾ ਵੀ ਬਿਹਤਰੀਨ ਢਾਂਚਾ ਉਪਲਬਧ ਹੈ। ਕੋਰੋਨਾ ਪਾਬੰਦੀਆਂ ਦੌਰਾਨ ਸਕੂਲਾਂ ਦੀ ਤਾਲਾਬੰਦੀ ਸਮੇਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਦੇ ਤਮਾਮ ਸਾਧਨਾਂ ਰਾਹੀਂ ਮੁਹੱਈਆ ਕਰਵਾਈ ਆਨਲਾਈਨ ਸਿੱਖਿਆ ਸਰਕਾਰੀ ਸਕੂਲਾਂ ਦਾ ਆਪਣੇ ਆਪ ਵਿੱਚ ਵੱਡਾ ਹਾਸਿਲ ਰਿਹਾ ਹੈ।ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਰਕਾਰੀ ਫੈਸਲੇ ਅਨੁਸਾਰ ਇਹਨੀਂ ਦਿਨੀਂ ਵਿਦਿਆਰਥੀਆਂ ਲਈ ਸਕੂਲ ਬੰਦ ਹੋਣ ਦੇ ਸਮੇਂ ਦੌਰਾਨ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਜ਼ੂਮ ਜਮਾਤਾਂ ਲਗਾ ਕੇ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ।ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਫ਼ੋਨ ਕਰਕੇ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਸ਼੍ਰੀ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਸ. ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਨੇ ਦੱਸਿਆ ਕਿ ਬਕਾਇਦਾ ਪ੍ਰਚਾਰ-ਪਸਾਰ ਸਮੱਗਰੀ ਅਤੇ ਨਿੱਜੀ ਸੰਪਰਕ ਰਾਹੀਂ ਜਿਲ੍ਹੇ ਭਰ ਵਿੱਚ ਅਧਿਆਪਕਾਂ ਵੱਲੋਂ ਦਾਖਲਾ ਮੁਹਿੰਮ ਪੂਰੇ ਜੋਸ਼ੋ ਖਰੋਸ਼ ਨਾਲ ਚਲਾਈ ਜਾ ਰਹੀ ਹੈ।

ਸ਼ੈਲੇਂਦਰ ਠਾਕੁਰ ਇੰਚਾਰਜ ਸਿੱਖਿਆ ਸੁਧਾਰ ਟੀਮ ਨੇ ਦੱਸਿਆ ਕਿ ਨਵੇਂ ਦਾਖ਼ਲੇ ਸਬੰਧੀ ਸ਼ੋਸ਼ਲ, ਪ੍ਰਿੰਟ, ਇਲੈਕਟ੍ਰੌਨਿਕ ਮੀਡੀਆ ਦੇ ਨਾਲ ਨਾਲ ਜਨਤਕ ਸਾਂਝੇ ਸਮਾਜਿਕ – ਧਾਰਮਿਕ ਸਥਾਨਾਂ ਰਾਹੀਂ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਤੇ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਦੇ ਪ੍ਰਿੰਸੀਪਲ ਸ੍ਰੀਮਤੀ ਸੁਰੇਸ਼ ਕੁਮਾਰੀ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਹੋਰਨਾਂ ਜਮਾਤਾਂ ਦੀ ਪੜ੍ਹਾਈ ਦੇ ਨਾਲ ਨਾਲ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਲਈ ਸਾਇੰਸ ਵਿਸ਼ਿਆਂ ਦੀ ਪੜ੍ਹਾਈ ਵੀ ਉਪਲਬਧ ਹੈ। ਉਹਨਾਂ ਕਿਹਾ ਕਿ  ਅਧਿਆਪਕਾਂ ਵੱਲੋਂ ਖੁਦ ਨਜ਼ਦੀਕੀ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਸਕੂਲ ਦੀ ਬਿਹਤਰ ਪੜ੍ਹਾਈ ਬਾਰੇ ਮਾਪਿਆਂ ਅਤੇ ਮੋਹਤਬਰ ਸਖਸ਼ੀਅਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਹਾਲ ਦੇ ਪ੍ਰਿੰਸੀਪਲ ਇੰਦਰਾ ਰਾਣੀ ਨੇ ਦੱਸਿਆ ਕਿ ਸਕੂਲ ਦੀ ਬਦਲੀ ਨੁਹਾਰ ਦਾ ਸੁਨੇਹਾ ਮਾਪਿਆਂ ਤੱਕ ਪਹੁੰਚਾਉਣ ਲਈ ਸਕੂਲ ਦੇ ਅਧਿਆਪਕ ਅੰਕੁਰ ਸ਼ਰਮਾ ਦੀ ਟੀਮ ਵੱਲੋਂ ਪਿੰਡ ਦੀਆਂ ਸੱਥਾਂ ਵਿੱਚ ਨੁੱਕੜ ਨਾਟਕ ਕੀਤੇ ਜਾ ਰਹੇ ਹਨ। ਜਿਕਰਯੋਗ ਹੈ ਕਿ ਅੰਕੁਰ ਸ਼ਰਮਾ ਦੀ ਟੀਮ ਵੱਲੋਂ ਮੀਡੀਆ ਸੈੱਲ ਦੇ ਸਹਿਯੋਗ ਨਾਲ ਮਾਨਸਰ ਟੋਲ ਪਲਾਜ਼ਾ ਉੱਤੇ ਭੰਡਾਂ ਦੀ ਰੌਚਕ ਵੰਨਗੀ ਰਾਹੀਂ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਸਬੰਧੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਮੀਡੀਆ ਕੋਆਡੀਨੇਟਰ ਸਮਰਜੀਤ ਸਿੰਘ ਅਤੇ ਯੋਗੇਸ਼ਵਰ ਸਲਾਰੀਆ ਹਾਜਰ ਸਨ।

LEAVE A REPLY

Please enter your comment!
Please enter your name here