ਡੀਡੀ ਪੰਜਾਬੀ ਤੇ “ਨਵੀਆਂ ਪੈੜਾਂ” ਪ੍ਰੋਗਰਾਮ ਵਿੱਚ ਇਸ ਵਾਰ ਐਤਵਾਰ ਹੁ਼ਸ਼ਿਆਰਪੁਰ ਦੇ ਨਾਮ, 18 ਨੂੰ 3 ਵਜੇ ਤੋਂ ਹੋਵੇਗਾ ਪ੍ਰਸਾਰਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡੀ. ਡੀ. ਪੰਜਾਬੀ ਉੱਤੇ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਬਾਅਦ ਦੁਪਿਹਰ 03:30 ਤੋਂ 4 ਵਜੇ ਤੱਕ ਵਿਸ਼ੇਸ਼ ਪ੍ਰੋਗਰਾਮ ਨਵੀਆਂ ਪੈੜਾਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਇਸ ਐਤਵਾਰ 18 ਅਪ੍ਰੈਲ ਨੂੰ ਜਿਲ੍ਹਾ ਹੁਸ਼ਿਆਰਪੁਰ ਦੇ ਸਕੂਲਾਂ ਉੱਤੇ ਅਧਾਰਿਤ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਅਤੇ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਹੁਸ਼ਿਆਰਪੁਰ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਦੀਆਂ ਆਧੁਨਿਕ ਤਕਨੀਕਾਂ ਉਪਲਬਧ ਕਰਵਾਉਣ ਉਪਰੰਤ ਸਕੂਲਾਂ ਦੀ ਬਦਲੀ ਦਿੱਖ ਤੋਂ ਮਾਪਿਆਂ ਨੂੰ ਜਾਣੂ ਕਰਵਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਪ੍ਰੋਗਰਾਮ ‘ ਨਵੀਆਂ ਪੈੜਾਂ’ ਰਾਹੀਂ ਸਰਕਾਰੀ ਸਕੂਲਾਂ ਦੀ ਬਦਲੀ ਦਿੱਖ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।

Advertisements

ਉਨ੍ਹਾਂ ਦੱਸਿਆ ਕਿ ਵਿਭਾਗ ਦੇ ਪ੍ਰਾਜੈਕਟ ਸਮਾਰਟ ਸਕੂਲ ਅਧੀਨ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਨੁਹਾਰ ਵਿੱਚ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਵੱਡੇ ਪੱਧਰ ‘ਤੇ ਤਬਦੀਲੀ ਆਈ ਹੈ।ਜਿੱਥੇ ਸਕੂਲਾਂ ਦੀਆਂ ਇਮਾਰਤਾਂ ਦੀ ਦਿੱਖ ਸੁੰਦਰ ਬਣੀ ਹੈ ਉੱਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਮਾਰਟ ਜਮਾਤ ਕਮਰੇ ਵੀ ਤਿਆਰ ਕੀਤੇ ਗਏ ਹਨ।ਸਕੂਲਾਂ ਵਿੱਚ ਐਜੂਸੈਟ, ਈ-ਕੰਟੈਂਟ,ਪ੍ਰਾਜੈਕਟਰਾਂ ਅਤੇ ਐਲ.ਈ.ਡੀਜ਼ ਨਾਲ ਪੜ੍ਹਾਈ ਕਰਵਾਈ ਜਾਣ ਲੱਗੀ ਹੈ।ਸਕੂਲਾਂ ਵਿੱਚ ਬਿਹਤਰ ਕੰਪਿਊਟਰ, ਵਿਗਿਆਨ ਅਤੇ ਭਾਸ਼ਾ ਪ੍ਰਯੋਗਸ਼ਾਲਾਵਾਂ ਉਪਲਬਧ ਹੋਣ ਨਾਲ ਵਿਦਿਆਰਥੀ ਰੱਟੇ ਦੀ ਬਜਾਏ ਸੰਕਲਪ ਸਮਝਣ ਦੇ ਸਮਰੱਥ ਬਣੇ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਵੀ ਲਗਾਤਾਰ ਨਾਮਣਾ ਖੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵੀਆਂ ਪੈੜਾਂ ਪ੍ਰੋਗਰਾਮ ਲਈ ਜਿਲ੍ਹਾ ਹੁਸ਼ਿਆਰਪੁਰ ਦੇ ਕਮਾਹੀ ਦੇਵੀ, ਤਲਵਾੜਾ, ਰਾਮਗੜ੍ਹ ਸੀਕਰੀ, ਹਰਸਾ ਕਲੋਤਾ ਹੋਰ ਸਮਾਰਟ ਸਕੂਲਾਂ ਵਿੱਚ ਸਟੇਟ ਟੀਮ ਵੱਲੋਂ ਅਮਰਦੀਪ ਸਿੰਘ ਬਾਠ, ਅਸ਼ੋਕ ਕੁਮਾਰ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਲਈ ਸੂਟਿੰਗ ਕੀਤੀ ਗਈ ਸੀ ਜਿਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਦੀ ਬੁਨਿਆਦੀ ਸਹੂਲਤਾਂ ਅਤੇ ਪੜਾਉਣ ਤਕਨੀਕਾਂ ਪੱਖੋਂ ਬਦਲੀ ਨੁਹਾਰ ਦੇ ਨਾਲ ਨਾਲ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਹੁਨਰ ਭਰਪੂਰ ਗਤੀਵਿਧੀਆਂ ਨੂੰ ਫ਼ਿਲਮਾਇਆ ਗਿਆ ਹੈ।

ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵੱਲੋਂ ਬਿਨਾਂ ਮਹਿੰਗੀਆਂ ਫੀਸਾਂ ਦੇ ਉਪਲਬਧ ਕਰਵਾਈ ਜਾ ਰਹੀ ਬਿਹਤਰ ਪੜ੍ਹਾਈ ਦਾ ਲਾਹਾ ਸਭ ਮਾਪਿਆਂ ਅਤੇ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਲਈ ਉਹਨਾਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਦਿੱਖ ਤੋਂ ਜਾਣੂ ਕਰਵਾਏ ਜਾਣਾ ਬੇਹੱਦ ਜਰੂਰੀ ਹੈ। ਇਸ ਮੌਕੇ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.), ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ, ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ, ਯੋਗੇਸ਼ਵਰ ਸਲਾਰੀਆ ਜਿਲ੍ਹਾ ਸ਼ੋਸ਼ਲ ਮੀਡੀਆ ਕੁਆਡੀਨੇਟਰ, ਅਮਰੀਕ ਸਿੰਘ ਦਿਆਲ ਸਹਾਇਕ ਮੀਡੀਆ ਕੁਆਡੀਨੇਟਰ, ਦਲਜੀਤ ਸਿੰਘ ਡੀ. ਐਮ. ਸਪੋਰਟਸ ਆਦਿ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here